ਜਗਤਾਰ ਸਿੰਘ ਸਿੱਧੂ;
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋ ਰੱਖੇ ਮਰਨ ਵਰਤ ਬਾਅਦ ਕਿਸਾਨ ਅੰਦੋਲਨ ਲੜਾਈ ਦੇ ਨਵੇਂ ਦੌਰ ਵਿੱਚ ਦਾਖਲ ਹੋ ਗਿਆ ਹੈ । ਬੇਸ਼ੱਕ ਅਧਿਕਾਰਤ ਤੌਰ ਤੇ ਡੱਲੇਵਾਲ ਦੇ ਮਰਨ ਵਰਤ ਦੀ ਸਥਿਤੀ ਦੀ ਜਾਣਕਾਰੀ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਪਰ ਆਪ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਸਿਹਤ ਕਾਰਨਾਂ ਕਰਕੇ ਡੱਲੇਵਾਲ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਹੈ। ਸਰਵਣ ਸਿੰਘ ਪੰਧੇਰ ਕਿਸਾਨ ਨੇਤਾ ਦਾ ਕਹਿਣਾ ਹੈ ਕਿ ੳਨਾਂ ਨੂੰ ਡਰ ਹੈ ਕਿ ਕਿਸਾਨ ਨੇਤਾ ਡੱਲੇਵਾਲ ਨੂੰ ਸਰਕਾਰ ਵੱਲੋਂ ਜਬਰਦਸਤੀ ਨੱਕ ਰਾਹੀਂ ਤਰਲ ਖੁਰਾਕ ਦਿੱਤੀ ਜਾ ਰਹੀ ਹੈ । ਇਕ ਨੇਤਾ ਨੇ ਇਹ ਵੀ ਕਿਹਾ ਹੈ ਕਿ ਡੱਲੇਵਾਲ ਨੇ ਕੁਝ ਵੀ ਲ਼ੈਣ ਤੋਂ ਇਨਕਾਰ ਕੀਤਾ ਹੋਇਆ ਹੈ। ਇਸ ਹੋਰ ਕਿਸਾਨ ਨੇਤਾ ਸੁਖਜੀਤ ਸਿੰਘ ਦਾ ਖਨੌਰੀ ਬਾਰਡਰ ਉੱਪਰ ਮਰਨ ਵਰਤ ਦੂਜੇ ਦਿਨ ਵਿੱਚ ਦਾਖਲ ਹੋ ਗਿਆ ਹੈ। ਮਰਨ ਵਰਤ ਉੱਪਰ ਬੈਠੇ ਕਿਸਾਨਾਂ ਦੀ ਹਮਾਇਤ ਵਿੱਚ ਕਿਸਾਨ ਜਥੇਬੰਦੀਆਂ ਦਾ ਇੱਕਠ ਵੱਡਾ ਹੁੰਦਾ ਜਾ ਰਿਹਾ ਹੈ । ਦੇਸ਼ ਅੰਦਰ ਕਿਸਾਨ ਦਿੱਲੀ ਬਾਰਡਰ ਦੇ ਮੋਰਚੇ ਉਪਰ ਇਕਠੇ ਹੋ ਕੇ ਲੜੇ ਸਨ ਅਤੇ ਕੇਂਦਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨੇ ਪਏ ਸਨ ਪਰ ਉਸ ਬਾਅਦ ਕਿਸਾਨ ਲਗਾਤਾਰ ਟਕਰਾਅ ਦੇ ਰਾਹ ਹਨ ਪਰ ਕੇਂਦਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।
ਹੁਣ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਕਿਸਾਨ ਦੇ ਹਕ ਵਿੱਚ ਅਵਾਜ਼ ਉਠਾਈ ਹੈ । ਉਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਗੱਲਬਾਤ ਰਾਹੀਂ ਕਿਸਾਨਾਂ ਦੇ ਮਸਲੇ ਦਾ ਹੱਲ ਕਰਨ ਲਈ ਤਿਆਰ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਖਨੌਰੀ ਅਤੇ ਸ਼ੰਭੂ ਬਾਰਡਰ ਉਪਰ ਕਿਸਾਨ ਮੋਰਚੇ ਨੂੰ ਲੈਕੇ ਕਿਸਾਨ ਲੜਾਈ ਲੜ ਰਹੇ ਹਨ ਪਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲੇਗਾ। ਭਾਜਪਾ ਨੇਤਾ ਦਾ ਇਹ ਬਿਆਨ ਮਸਲੇ ਦੇ ਹੱਲ ਲਈ ਉਸਾਰੂ ਸੰਕੇਤ ਹੈ ਪਰ ਭਾਜਪਾ ਦੀ ਲੀਡਰਸ਼ਿਪ ਨੂੰ ਪਹਿਲਕਦਮੀ ਕਰਕੇ ਮਸਲੇ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ। ਕਿਸਾਨ ਮੰਗਾਂ ਬਾਰੇ ਸਾਰਥਿਕ ਹੱਲ ਲੱਭਣ ਵਿੱਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ । ਇਸ ਕਾਰਨ ਕੇਂਦਰ ਅਤੇ ਕਿਸਾਨਾਂ ਵਿਚਕਾਰ
ਲਗਾਤਾਰ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਗੱਲਬਾਤ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋਈਆਂ, ਉਹ ਕੋਈ ਠੋਸ ਹੱਲ ਨਹੀਂ ਦੇ ਸਕੀਆਂ ਜਿਸ ਕਰਕੇ ਮਾਮਲਾ ਉਲਝਦਾ ਹੀ ਤੁਰਿਆ ਗਿਆ।
ਬੇਸ਼ੱਕ ਕਿਸਾਨ ਆਗੂ ਵੀ ਗੱਲਬਾਤ ਕਰਨ ਲਈ ਤਿਆਰ ਹਨ ਪਰ ਉਸ ਲਈ ਕੋਈ ਮਹੌਲ ਬਣਾਉਣ ਦੀ ਲੋੜ ਹੈ । ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਚੰਡੀਗੜ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ਨਾਲ ਕਿਸਾਨ ਨੇਤਾਵਾਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋਈ ਸੀ ਪਰ ਉਹ ਮੀਟਿੰਗ ਬੇਸਿੱਟਾ ਰਹੀ।
ਕੇਂਦਰ ਨਾਲ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਵੀ ਸਹਿਮਤੀ ਵੀ ਕੇਂਦਰ ਸਰਕਾਰ ਉਪਰ ਦਬਾ ਦਾ ਕੰਮ ਕਰੇਗੀ ਅਤੇ ਸਮੁੱਚੇ ਤੌਰ ਤੇ ਇਕ ਸਹਿਮਤੀ ਵੀ ਬਣੇਗੀ। ਕਿਸਾਨ ਜਥੇਬੰਦੀਆਂ ਨੂੰ ਵੀ ਆਪਸੀ ਗੱਲਬਾਤ ਰਾਹੀਂ ਸਹਿਮਤੀ ਬਨਾਉਣ ਦੀ ਲੋੜ ਹੈ ਤਾਂ ਜੋ ਮਸਲੇ ਦੇ ਹੱਲ ਲਈ ਕਿਸਾਨਾਂ ਦੇ ਹਿੱਤ ਵਿੱਚ ਦਿੱਲੀ ਅੰਦੋਲਨ ਵਾਂਗ ਹਲਕੇ ਹੰਭਲਾ ਮਾਰਿਆ ਜਾ ਸਕੇ।
ਸੰਪਰਕ/9814002186