ਨਵੀ ਦਿੱਲੀ : ਸੀਬੀਐੱਸਈ ਦੇ ਨਵੇਂ ਚੇਅਰਮੈਨ ਅਤੇ ਸਕੱਤਰ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਨੇ ਮੰਗਲਵਾਰ ਨੂੰ ਓਐੱਸਐੱਮ (ਆਨ-ਸਕ੍ਰੀਨ ਮਾਰਕਿੰਗ) ਵਿਵਾਦ ਦੇ ਵਿਚਕਾਰ ਸੀਨੀਅਰ IAS ਅਧਿਕਾਰੀ ਲੋਖੰਡੇ ਪ੍ਰਸ਼ਾਂਤ ਸੀਤਾਰਾਮ ਨੂੰ ਸੀਬੀਐੱਸਈ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ ਅਤੇ 2008 ਬੈਚ ਦੇ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀ ਵਰੁਣ ਭਾਰਦਵਾਜ ਨੂੰ ਸੀਬੀਐੱਸਈ ਦਾ ਨਵਾਂ ਸਕੱਤਰ ਨਿਯੁਕਤ ਕੀਤਾ ਹੈ।
ਨਵ ਨਿਯੁਕਤ ਚੇਅਰਮੈਨ ਸੀਤਾਰਾਮ 2001 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਵਿੱਚ ਗ੍ਰਹਿ ਮੰਤਰਾਲੇ ਵਿੱਚ ਵਧੀਕ ਸਕੱਤਰ ਹਨ। ਦੂਜੇ ਪਾਸੇ, ਵਰੁਣ ਭਾਰਦਵਾਜ ਮੌਜੂਦਾ ਸਮੇਂ ਵਿੱਚ ਸਿੱਖਿਆ ਮੰਤਰਾਲੇ ਵਿੱਚ ਨਿਰਦੇਸ਼ਕ ਦੇ ਅਹੁਦੇ ‘ਤੇ ਤਾਇਨਾਤ ਹਨ। ਉਹ 2008 ਬੈਚ ਦੇ ਭਾਰਤੀ ਸੂਚਨਾ ਸੇਵਾ (IIS) ਦੇ ਅਧਿਕਾਰੀ ਹਨ।
ਇਸ ਤੋਂ ਪਹਿਲਾਂ ਸਰਕਾਰ ਨੇ ਸੀਬੀਐੱਸਈ ਦੇ ਚੇਅਰਮੈਨ ਰਾਹੁਲ ਸਿੰਘ ਅਤੇ ਸੀਬੀਐੱਸਈ ਦੇ ਸਕੱਤਰ ਹਿਮਾਂਸ਼ੂ ਗੁਪਤਾ ਦਾ ਤਬਾਦਲਾ ਕਰ ਦਿੱਤਾ ਸੀ ਅਤੇ ਸੀਬੀਐੱਸਈ ਦੀ ਆਨ-ਸਕ੍ਰੀਨ ਮਾਰਕਿੰਗ (ਓਐੱਸਐੱਮ) ਪ੍ਰਣਾਲੀ ਲਈ ਸੇਵਾਵਾਂ ਦੀ ਖਰੀਦ ਨਾਲ ਸਬੰਧਤ ਮੁੱਦਿਆਂ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਮੰਗਲਵਾਰ ਨੂੰ ਜਾਰੀ ਕੈਬਨਿਟ ਸਕੱਤਰੇਤ ਦੇ ਮੈਮੋਰੰਡਮ ਅਨੁਸਾਰ, ਇਸ ਕਮੇਟੀ ਦੀ ਅਗਵਾਈ ਸਮਰੱਥਾ ਨਿਰਮਾਣ ਕਮਿਸ਼ਨ (Capacity Building Commission) ਦੀ ਚੇਅਰਪਰਸਨ ਐੱਸ. ਰਾਧਾ ਚੌਹਾਨ ਕਰਨਗੇ।
ਚੌਹਾਨ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਜੇਕਰ ਲੋੜ ਪਵੇ ਤਾਂ ਉਹ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਮਦਦ ਲੈ ਸਕਦੇ ਹਨ। ਜਦੋਂ ਕਿ ਸਮਰੱਥਾ ਨਿਰਮਾਣ ਕਮਿਸ਼ਨ ਜਾਂਚ ਪੈਨਲ ਨੂੰ ਸਕੱਤਰੇਤ ਸਹਾਇਤਾ ਪ੍ਰਦਾਨ ਕਰੇਗਾ। ਪੈਨਲ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਪ੍ਰਸੋਨਲ ਅਤੇ ਸਿਖਲਾਈ ਵਿਭਾਗ ਨੂੰ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਬੀਤੇ ਕੱਲ੍ਹ ਸੀਬੀਐੱਸਈ ਦੇ ਰੀ-ਇਵੈਲਿਊਏਸ਼ਨ ਪੋਰਟਲ ‘ਤੇ ਸਾਈਬਰ ਹਮਲੇ ਵੀ ਗੱਲ ਵੀ ਸਾਹਮਣੇ ਆਈ । CBSE ਦੇ ਮੁਤਾਬਕ, 2 ਮਿੰਟਾਂ ਵਿੱਚ 15 ਲੱਖ ਵਾਰ ਐਕਸੈਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕਿ 1 ਲੱਖ ਤੋਂ ਵੱਧ ਵਾਰ ਸਿਸਟਮ ਦੀਆਂ ਫਾਈਲਾਂ ਤੱਕ ਬਿਨਾਂ ਇਜਾਜ਼ਤ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ।ਹਾਲਾਂਕਿ, ਸਾਈਬਰ ਹਮਲੇ ਦੇ ਬਾਵਜੂਦ ਪੋਰਟਲ ਕੰਮ ਕਰਦਾ ਰਿਹਾ ਅਤੇ ਦੁਪਹਿਰ 3 ਵਜੇ ਤੱਕ 16 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਅਪਲਾਈ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

