ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 2026 ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਲਈ 75% ਘੱਟੋ-ਘੱਟ ਹਾਜ਼ਰੀ ਨੂੰ ਲਾਜ਼ਮੀ ਕਰ ਦਿੱਤਾ ਹੈ। ਬੋਰਡ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਵਿਦਿਆਰਥੀਆਂ ਦੀ ਹਾਜ਼ਰੀ ਸਬੰਧੀ ਲਾਪਰਵਾਹੀ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਸੀਬੀਐਸਈ ਨੇ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ ‘ਤੇ ਸਖ਼ਤ ਨਿਗਰਾਨੀ ਰੱਖਣ ਅਤੇ ਸਮੇਂ ਸਿਰ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਜੇਕਰ ਕੋਈ ਵਿਦਿਆਰਥੀ ਮੈਡੀਕਲ ਐਮਰਜੈਂਸੀ ਕਾਰਨ ਛੁੱਟੀ ਲੈਂਦਾ ਹੈ, ਤਾਂ ਉਸ ਨੂੰ ਛੁੱਟੀ ਤੋਂ ਤੁਰੰਤ ਬਾਅਦ ਵੈਧ ਮੈਡੀਕਲ ਦਸਤਾਵੇਜ਼ਾਂ ਸਮੇਤ ਸਕੂਲ ਵਿੱਚ ਅਰਜ਼ੀ ਜਮ੍ਹਾਂ ਕਰਨੀ ਹੋਵੇਗੀ। ਹੋਰ ਕਾਰਨਾਂ ਕਰਕੇ ਛੁੱਟੀ ਲੈਣ ਦੀ ਸੂਰਤ ਵਿੱਚ ਸਕੂਲ ਨੂੰ ਜਾਇਜ਼ ਕਾਰਨਾਂ ਦੀ ਲਿਖਤੀ ਸੂਚਨਾ ਦੇਣੀ ਜ਼ਰੂਰੀ ਹੈ। ਜੇਕਰ ਵਿਦਿਆਰਥੀ ਬਿਨਾਂ ਅਰਜ਼ੀ ਜਾਂ ਸੂਚਨਾ ਦੇ ਗੈਰਹਾਜ਼ਰ ਪਾਇਆ ਜਾਂਦਾ ਹੈ, ਤਾਂ ਇਸ ਨੂੰ ਅਣਅਧਿਕਾਰਤ ਗੈਰਹਾਜ਼ਰੀ ਮੰਨਿਆ ਜਾਵੇਗਾ। ਅਜਿਹੇ ਮਾਮਲਿਆਂ ਵਿੱਚ ਸੀਬੀਐਸਈ ਅਜਿਹੇ ਵਿਦਿਆਰਥੀਆਂ ਨੂੰ ਡੰਮੀ ਉਮੀਦਵਾਰ ਮੰਨ ਕੇ ਬੋਰਡ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ।
ਸਕੂਲਾਂ ਨੂੰ ਸਖ਼ਤ ਨਿਗਰਾਨੀ ਦੇ ਨਿਰਦੇਸ਼
ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ ਦਾ ਰੋਜ਼ਾਨਾ ਰਿਕਾਰਡ ਰੱਖਣ ਦੀ ਹਦਾਇਤ ਦਿੱਤੀ ਗਈ ਹੈ। ਇਸ ਰਿਕਾਰਡ ਨੂੰ ਕਲਾਸ ਅਧਿਆਪਕ ਅਤੇ ਸਕੂਲ ਪ੍ਰਸ਼ਾਸਨ ਦੁਆਰਾ ਤਸਦੀਕ ਕੀਤਾ ਜਾਣਾ ਚਾਹੀਦਾ ਹੈ। ਸੀਬੀਐਸਈ ਸਮੇਂ-ਸਮੇਂ ‘ਤੇ ਅਚਾਨਕ ਨਿਰੀਖਣ ਕਰ ਸਕਦਾ ਹੈ, ਇਸ ਲਈ ਹਾਜ਼ਰੀ ਰਜਿਸਟਰ ਹਮੇਸ਼ਾ ਅੱਪਡੇਟ ਅਤੇ ਤਿਆਰ ਹੋਣਾ ਜ਼ਰੂਰੀ ਹੈ।
ਮਾਪਿਆਂ ਨੂੰ ਸੂਚਨਾ ਦੇਣ ਦੀ ਜ਼ਿੰਮੇਵਾਰੀ
ਜੇਕਰ ਕਿਸੇ ਵਿਦਿਆਰਥੀ ਦੀ ਹਾਜ਼ਰੀ ਘੱਟ ਪਾਈ ਜਾਂਦੀ ਹੈ, ਤਾਂ ਸਕੂਲ ਨੂੰ ਉਸ ਦੇ ਮਾਪਿਆਂ ਨੂੰ ਪੱਤਰ, ਈਮੇਲ ਜਾਂ ਸਪੀਡ ਪੋਸਟ ਰਾਹੀਂ ਸੂਚਿਤ ਕਰਨਾ ਹੋਵੇਗਾ। ਇਸ ਵਿੱਚ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਘੱਟ ਹਾਜ਼ਰੀ ਕਾਰਨ ਵਿਦਿਆਰਥੀ ਬੋਰਡ ਪ੍ਰੀਖਿਆ ਲਈ ਅਯੋਗ ਹੋ ਸਕਦਾ ਹੈ। ਸਕੂਲ ਨੂੰ ਇਸ ਸੰਚਾਰ ਦਾ ਰਿਕਾਰਡ ਸੁਰੱਖਿਅਤ ਰੱਖਣਾ ਹੋਵੇਗਾ।
ਜੇਕਰ ਸੀਬੀਐਸਈ ਦੇ ਨਿਰੀਖਣ ਦੌਰਾਨ ਕਿਸੇ ਵਿਦਿਆਰਥੀ ਦੀ ਨਿਯਮਤ ਹਾਜ਼ਰੀ ਦਾ ਸਬੂਤ ਨਹੀਂ ਮਿਲਦਾ ਜਾਂ ਰਿਕਾਰਡ ਅਧੂਰਾ ਪਾਇਆ ਜਾਂਦਾ ਹੈ, ਤਾਂ ਅਜਿਹੇ ਵਿਦਿਆਰਥੀ ਨੂੰ ਡੰਮੀ ਉਮੀਦਵਾਰ ਮੰਨਿਆ ਜਾ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ ਵਿਦਿਆਰਥੀ ਨੂੰ ਪ੍ਰੀਖਿਆ ਤੋਂ ਰੋਕਣ ਦੇ ਨਾਲ-ਨਾਲ ਸਕੂਲ ਦੀ ਮਾਨਤਾ ਰੱਦ ਕਰਨ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾ ਸਕਦੀ ਹੈ।