ਸਾਵਧਾਨ! ਕੋਰੋਨਾ ਤੋਂ ਬਾਅਦ ਦੇਸ਼ ‘ਚ ਕਾਵਾਸਾਕੀ ਬਿਮਾਰੀ ਨੇ ਦਿੱਤੀ ਦਸਤਕ, ਚੇਨਈ ਦੇ ਅੱਠ ਸਾਲਾਂ ਬੱਚੇ ‘ਚ ਮਿਲੇ ਬਿਮਾਰੀ ਦੇ ਲੱਛਣ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ‘ਚ ਹੀ ਕੋਰੋਨਾ ਵਾਇਰਸ ਨਾਲ ਜੁੜੇ ਹਾਈਪਰ-ਇਨਫਲਾਮੇਟਰੀ ਸਿੰਡਰੋਮ ਨੇ ਭਾਰਤ ‘ਚ ਦਸਤਕ ਦੇ ਦਿੱਤੀ ਹੈ। ਚੇਨੱਈ ਦੇ ਇੱਕ ਅੱਠ ਸਾਲਾ ਬੱਚੇ ‘ਚ ਕਾਵਾਸਾਕੀ ਬਿਮਾਰੀ ਦੇ ਲੱਛਣ ਪਾਏ ਗਏ ਹਨ। ਭਾਰਤ ਵਿਚ ਇਸ ਸਿੰਡਰੋਮ ਦਾ ਇਹ ਪਹਿਲਾ ਮਾਮਲਾ ਹੈ। ਇਸ ਸਿੰਡਰੋਮ ਨਾਲ ਮਹੱਤਵਪੂਰਣ ਅੰਗਾਂ ਸਮੇਤ ਪੂਰੇ ਸਰੀਰ ‘ਤੇ ਸੋਜ ਆ ਜਾਂਦੀ ਹੈ ਜੋ ਸਰੀਰ ਦੇ ਬਹੁਤ ਸਾਰੇ ਮਹੱਤਵਪੂਰਨ ਅੰਗਾਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਇਸ ਨਾਲ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।

ਕੋਰੋਨਾ ਨਾਲ ਸੰਕਰਮਿਤ ਇਸ ਬੱਚੇ ਨੂੰ ਗੰਭੀਰ ਹਾਲਤ ‘ਚ ਚੇਨਈ ਦੇ ਕਾਂਚੀ ਕਾਮਕੋਟੀ ਚਾਈਲਡਜ਼ ਟਰੱਸਟ ਹਸਪਤਾਲ ‘ਚ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ। ਮੁੱਢਲੀ ਜਾਂਚ ‘ਚ ਬੱਚੇ ਅੰਦਰ ਨਮੂਨੀਆ, ਕੋਵਿਡ -19 ਪਰੀਮੋਨਾਈਟਿਸ, ਕਾਵਾਸਾਕੀ ਬਿਮਾਰੀ ਅਤੇ ਸੈਪਟਿਕ ਸ਼ੌਕ ਸਿੰਡਰੋਮ ਦੇ ਲੱਛਣ ਮਿਲੇ ਸਨ। ਹਾਲਾਂਕਿ ਕੋਰੋਨਾ ਸਮੇਤ  ਹਾਈਪਰ-ਇਨਫਲਾਮੇਟਰੀ ਸਿੰਡਰੋਮ ਨੂੰ ਇਮਿਊਨੋਗਲੋਬੂਲਿਨ ਅਤੇ ਟੋਸੀਲੀਜ਼ੁਮਬ ਦੀ ਮਦਦ ਨਾਲ ਠੀਕ ਕਰ ਦਿੱਤਾ ਗਿਆ।

ਦੱਸ ਦਈਏ ਕਿ ਸਭ ਤੋਂ ਪਹਿਲਾਂ ਲੰਦਨ ‘ਚ ਅਪ੍ਰੈਲ ਮਹੀਨੇ ਦੌਰਾਨ ਅੱਠ ਬੱਚਿਆਂ ‘ਚ ਕਾਵਾਸਾਕੀ ਬਿਮਾਰੀ ਦੇ ਲੱਛਣ ਮਿਲੇ ਸਨ। ਹਾਲ ਹੀ ਵਿਚ ਅਮਰੀਕਾ ਵਿਚ ਬਹੁਤ ਸਾਰੇ ਬੱਚਿਆਂ ਵਿਚ ਇਸ ਬਿਮਾਰੀ ਦੇ ਲੱਛਣਾਂ ਦੀ ਪੁਸ਼ਟੀ ਹੋਈ ਹੈ। ਉਪਲਬਧ ਅੰਕੜਿਆਂ ਅਨੁਸਾਰ ਇਹ ਬਿਮਾਰੀ ਬਾਲਗਾਂ ਦੀ ਤੁਲਨਾ ‘ਚ ਬੱਚਿਆਂ ਅਤੇ ਕਿਸ਼ੋਰਾਂ ਨੂੰ ਆਪਣੀ ਲਪੇਟ ਵਿੱਚ ਲੈਂਦੀ ਹੈ।

ਕੀ ਹੈ ਕਾਵਾਸਾਕੀ ਬਿਮਾਰੀ?

- Advertisement -

ਕਾਵਾਸਾਕੀ ਬਿਮਾਰੀ ਸਰੀਰ ਦੀਆਂ ਖੂਨ ਦੀਆਂ ਨਾੜੀਆਂ ਨਾਲ ਜੁੜੀ ਹੋਈ ਬਿਮਾਰੀ ਹੈ ਜਿਸ ਕਾਰਨ ਖੂਨ ਦੀਆਂ ਨਾੜੀਆਂ ‘ਚ ਸੋਜਸ਼ ਆ ਜਾਂਦੀ ਹੈ ਅਤੇ ਇਹ ਸੋਜਸ਼ ਧਮਨੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ। ਗੰਭੀਰ ਸਥਿਤੀ ‘ਚ ਇਸ ਬਿਮਾਰੀ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੁੰਦੀ ਹੈੈ। ਇਸ ਬਿਮਾਰੀ ਦੇ ਲੱਛਣਾਂ ‘ਚ ਬੁਖਾਰ ਨਾਲ ਚਮੜੀ ‘ਤੇ ਧੱਫੜ, ਹੱਥਾਂ ਅਤੇ ਗਲੇ ਦੀ ਸੋਜਸ਼ ਅਤੇ ਅੱਖਾਂ ਲਾਲ ਹੋਣਾਂ ਆਦਿ  ਸ਼ਾਮਲ ਹਨ।

Share this Article
Leave a comment