ਮੁਹਾਲੀ : ਪੰਜਾਬੀ ਗਾਇਕਾਂ ਵਿਚਕਾਰ ਇੱਕ ਦੂਜੇ ਵਿਰੁੱਧ ਬਿਆਨਬਾਜ਼ੀਆਂ ਦਾ ਸਿਲਸਿਲਾ ਤਾਂ ਚਲਦਾ ਹੀ ਰਹਿੰਦਾ ਹੈ ਪਰ ਇੰਨੀ ਦਿਨੀਂ ਦੋ ਕਲਾਕਾਰਾਂ ਵਿੱਚਕਾਰ ਅਜਿਹੀਆਂ ਹੀ ਬਿਆਨਬਾਜ਼ੀਆਂ ਤੋਂ ਸ਼ੁਰੂ ਹੋਇਆ ਵਿਵਾਦ ਹੁਣ ਇਸ ਕਦਰ ਗਰਮਾ ਗਿਆ ਹੈ ਕਿ ਨਤੀਜੇ ਵਜੋਂ ਦੋਵਾਂ ਗਾਇਕਾਂ ਵਿਰੁੱਧ ਕਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਹ ਦੋਵੇਂ ਕਲਾਕਾਰ ਹਨ ਰਮਨਦੀਪ ਸਿੰਘ ਉਰਫ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਜਿਨ੍ਹਾਂ ਵਿਰੁੱਧ ਥਾਣਾ ਸੋਹਾਣਾ ਪੁਲਿਸ ਨੇ ਆਈਪੀਸੀ ਦੀ ਧਾਰਾ 294, 504, 506 ਤਹਿਤ ਪਰਚਾ ਦਰਜ ਕਰਕੇ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਦੋਵੇਂ ਗਾਇਕਾਂ ਵਿਚਕਾਰ ਮਾਹੌਲ ਤਲਖੀ ਭਰਿਆ ਬਣਿਆ ਹੋਇਆ ਸੀ। ਇਸ ਦੌਰਾਨ ਦੋਵਾਂ ਹੀ ਗਾਇਕਾਂ ਵੱਲੋਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਜ਼ਰੀਏ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਦਰਅਸਲ ਇਹ ਮਾਮਲਾ ਇੱਕ ਗੀਤ ਨੂੰ ਲੈ ਕੇ ਗਰਮਾਇਆ ਸੀ ਜਿਸ ਤੋਂ ਬਾਅਦ ਐਲੀ ਮਾਂਗਟ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਰੰਮੀ ਰੰਧਾਵਾ ਨੂੰ ਧਮਕੀ ਦਿੱਤੀ ਸੀ ਕਿ ਉਹ 11 ਸਤੰਬਰ ਨੂੰ ਭਾਰਤ ਆ ਕੇ ਉਸੇ ਦੇ ਘਰ ਦਾਖਲ ਹੋ ਕੇ ਉਸ (ਰੰਮੀ) ਨੂੰ ਮਾਰੇਗਾ। ਇਸ ਤੋਂ ਬਾਅਦ ਰੰਮੀ ਰੰਧਾਵਾ ਨੇ ਵੀ ਐਲੀ ਮਾਂਗਟ ਨੂੰ ਗਾਲਾਂ ਕੱਢੀਆਂ ਸਨ। ਸੋਸ਼ਲ ਮੀਡੀਆ ਜ਼ਰੀਏ ਸ਼ੁਰੂ ਹੋਇਆ ਇਹ ਝਗੜਾ ਇਸ ਕਦਰ ਵਧ ਗਿਆ ਸੀ ਕਿ ਦੋਵਾਂ ਗਾਇਕਾਂ ਨੇ ਅੱਜ ਸੈਕਟਰ 78 ਸਥਿਤ ਅਪਾਰਟਮੈਂਟ ਵਿਚਕਾਰ ਲੜ੍ਹਨ ਦਾ ਸਮਾਂ ਵੀ ਤੈਅ ਕਰ ਲਿਆ ਸੀ।
ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸੋਹਾਣਾ ਪੁਲਿਸ ਵੱਲੋਂ ਦੋਵਾਂ ਗਾਇਕਾਂ ਖਿਲਾਫ ਪਰਚਾ ਦਰਜ ਕਰਕੇ ਰੰਮੀ ਰੰਧਾਵਾ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ ਅਤੇ ਐਲੀ ਮਾਂਗਟ ਨੂੰ ਵੀ ਬਹੁਤ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।