ਚੰਡੀਗੜ੍ਹ: ਅਕਸਰ ਕਾਰ ਮਾਲਕ ਆਪਣੀ ਗੱਡੀ ਨੂੰ ਦੂਜਿਆਂ ਨਾਲੋਂ ਵੱਖਰੀ ਅਤੇ ਸਟਾਈਲਿਸ਼ ਦਿਖਾਉਣ ਲਈ ਉਸ ਵਿੱਚ ਕਈ ਤਰ੍ਹਾਂ ਦੇ ਬਦਲਾਅ (ਮੋਡੀਫਿਕੇਸ਼ਨ ) ਕਰਵਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇੱਕ ਗ਼ਲਤੀ ਕਾਰਨ ਤੁਹਾਡੀ ਗੱਡੀ ਦੀ ਰਜਿਸਟ੍ਰੇਸ਼ਨ (RC) ਰੱਦ ਹੋ ਸਕਦੀ ਹੈ? RTO ਅਤੇ ਸੁਪਰੀਮ ਕੋਰਟ ਦੇ ਨਿਯਮਾਂ ਅਨੁਸਾਰ, ਗੱਡੀ ਦੇ ਅਸਲੀ ਢਾਂਚੇ ਨਾਲ ਛੇੜਛਾੜ ਕਰਨਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ।
ਕੀ ਕਰਨਾ ਹੈ ਕਾਨੂੰਨੀ?
ਜੇਕਰ ਤੁਸੀਂ ਆਪਣੀ ਕਾਰ ਵਿੱਚ ਇਹ ਬਦਲਾਅ ਕਰਵਾਉਂਦੇ ਹੋ, ਤਾਂ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ, ਜਿਵੇਂ ਕਿ ਸੀਟ ਕਵਰ ਬਦਲਣਾ, ਨਵਾਂ ਮਿਊਜ਼ਿਕ ਸਿਸਟਮ ਜਾਂ ਟੱਚਸਕ੍ਰੀਨ ਲਗਾਉਣਾ ਅਤੇ ਡੈਸ਼ਬੋਰਡ ਦੀ ਫਿਨਿਸ਼ਿੰਗ ਵਿੱਚ ਬਦਲਾਅ ਕਰਨਾ ਪੂਰੀ ਤਰ੍ਹਾਂ ਕਾਨੂੰਨੀ ਹੈ।
ਤੁਸੀਂ ਕਾਰ ਦਾ ਰੰਗ ਬਦਲ ਸਕਦੇ ਹੋ, ਪਰ ਇਸ ਲਈ ਪਹਿਲਾਂ RTO ਤੋਂ ਲਿਖਤੀ ਇਜਾਜ਼ਤ ਲੈਣੀ ਪਵੇਗੀ ਅਤੇ ਬਾਅਦ ਵਿੱਚ RC ਉੱਤੇ ਨਵਾਂ ਰੰਗ ਦਰਜ ਕਰਵਾਉਣਾ ਪਵੇਗਾ। ਜੇਕਰ ਅਲੌਏ ਵ੍ਹੀਲਜ਼ ਦਾ ਸਾਈਜ਼ ਕੰਪਨੀ ਦੇ ਨਿਯਮਾਂ ਮੁਤਾਬਕ ਹੈ, ਤਾਂ ਉਹ ਲਗਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਰੂਫ ਰੇਲ, ਡੋਰ ਪ੍ਰੋਟੈਕਟਰ ਅਤੇ ਵਾਈਜ਼ਰ ਲਗਾਉਣ ਦੀ ਵੀ ਇਜਾਜ਼ਤ ਹੈ। ਪੈਟਰੋਲ ਕਾਰ ਵਿੱਚ ਮਾਨਤਾ ਪ੍ਰਾਪਤ ਕੰਪਨੀ ਦੀ CNG ਕਿੱਟ ਲਗਵਾਈ ਜਾ ਸਕਦੀ ਹੈ, ਬਸ਼ਰਤੇ ਇਸ ਨੂੰ ਕਾਗਜ਼ਾਂ ਵਿੱਚ ਅਪਡੇਟ ਕਰਵਾਇਆ ਜਾਵੇ।
ਇਨ੍ਹਾਂ ਬਦਲਾਵਾਂ ‘ਤੇ ਹੋ ਸਕਦੀ ਹੈ ਸਖ਼ਤ ਕਾਰਵਾਈ
ਟ੍ਰੈਫਿਕ ਨਿਯਮਾਂ ਅਨੁਸਾਰ ਕੁਝ ਬਦਲਾਅ ਅਜਿਹੇ ਹਨ ਜੋ ਭਾਰੀ ਚਾਲਾਨ ਜਾਂ RC ਰੱਦ ਹੋਣ ਦਾ ਕਾਰਨ ਬਣ ਸਕਦੇ ਹਨ। ਜਿਵੇਂ ਕਿ ਕੰਪਨੀ ਦਾ ਸਾਈਲੈਂਸਰ ਹਟਾ ਕੇ ਤੇਜ਼ ਆਵਾਜ਼ ਵਾਲਾ ਪਟਾਕੇ ਮਾਰਨ ਵਾਲਾ ਸਾਈਲੈਂਸਰ ਲਗਾਉਣਾ ਗੈਰ-ਕਾਨੂੰਨੀ ਹੈ।
ਇਸ ਤੋਂ ਇਲਾਵਾ ਕਾਰ ਦੇ ਸ਼ੀਸ਼ਿਆਂ ‘ਤੇ ਅਜਿਹੀ ਕਾਲੀ ਫਿਲਮ ਲਗਾਉਣਾ ਜਿਸ ਨਾਲ ਅੰਦਰ ਦੀ ਵਿਜ਼ੀਬਿਲਟੀ ਖ਼ਤਮ ਹੋ ਜਾਵੇ, ਮਨ੍ਹਾ ਹੈ। ਨਿਯਮਾਂ ਮੁਤਾਬਕ ਵਿਜ਼ੀਬਿਲਟੀ 50-70% ਹੋਣੀ ਚਾਹੀਦੀ ਹੈ। ਕਾਰ ਦੀ ਛੱਤ ਕੱਟਣੀ, ਚੈਸੀ ਬਦਲਣੀ ਜਾਂ ਗੱਡੀ ਦੀ ਲੰਬਾਈ-ਚੌੜਾਈ ਵਿੱਚ ਬਦਲਾਅ ਕਰਨਾ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਕਿਉਂਕਿ ਇਹ ਗੱਡੀ ਦੀ ਮਜ਼ਬੂਤੀ ਅਤੇ ਸੁਰੱਖਿਆ ਨੂੰ ਘਟਾਉਂਦਾ ਹੈ।
ਧਿਆਨ ਦੇਣ ਯੋਗ ਹੈ ਕਿ ਗੱਡੀ ਵਿੱਚ ਕੋਈ ਵੀ ਵੱਡਾ ਬਦਲਾਅ ਕਰਵਾਉਣ ਤੋਂ ਪਹਿਲਾਂ RTO ਦੇ ਨਿਯਮਾਂ ਦੀ ਜਾਣਕਾਰੀ ਜ਼ਰੂਰ ਲਵੋ, ਤਾਂ ਜੋ ਬਾਅਦ ਵਿੱਚ ਕਿਸੇ ਕਾਨੂੰਨੀ ਮੁਸੀਬਤ ਤੋਂ ਬਚਿਆ ਜਾ ਸਕੇ।

