ਟੋਰਾਂਟੋ: ਕੈਨੇਡਾ ‘ਚ ਲਗਜ਼ਰੀ ਗੱਡੀਆਂ ਰੱਖਣ ਦੇ ਸ਼ੌਕੀਨਾਂ ‘ਤੇ ਖਰਚੇ ਦਾ ਹੋਰ ਬੋਝ ਪੈਣ ਵਾਲਾ ਹੈ। ਰਿਪੋਰਟ ਮੁਤਾਬਕ ਕਾਰ ਬੀਮਾ 25 ਫੀ ਸਦੀ ਤੱਕ ਮਹਿੰਗਾ ਹੋਣ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਸ ਵੇਲੇ ਗਰੇਟਰ ਟੋਰਾਂਟੋ ਏਰੀਆ ਵਿੱਚ ਇੱਕ ਗੱਡੀ ਦਾ ਔਸਤ ਪ੍ਰੀਮੀਅਮ 2,391 ਡਾਲਰ ਬਣਦਾ ਹੈ ਅਤੇ 25 ਫੀਸਦੀ ਵਾਧੇ ਤੋਂ ਬਾਅਦ 600 ਦੇ ਲਗਭਗ ਹੋਰ ਵਾਧੂ ਡਾਲਰ ਦੇਣੇ ਪੈਣਗੇ।
ਉੱਥੇ ਹੀ ਦੂਜੇ ਪਾਸੇ ਫਾਇਨੈਂਸ਼ੀਅਲ ਸਰਵਿਸਿਜ਼ ਰੈਗੁਲੇਟਰੀ ਅਥਾਰਟੀ ਆਫ਼ ਓਨਟਾਰੀਓ ਨੇ ਕਿਹਾ ਕਿ ਬੀਮਾ ਦਰਾਂ ਦੇ ਭਾਰੀ ਬੋਝ ਤੋਂ ਕਾਰ ਮਾਲਕਾਂ ਨੂੰ ਬਚਾਉਣ ਲਈ ਕਾਨੂੰਨ ਵਿਚ ਸੋਧ ਕੀਤੀ ਜਾ ਰਹੀ ਹੈ। ਰੇਟਸ ਡਾਟ ਸੀ ਏ ਨਾਲ ਸਬੰਧਤ ਬੀਮਾ ਮਾਹਰ ਡੈਨੀਅਲ ਇਵਾਨਜ਼ ਦਾ ਕਹਿਣਾ ਹੈ ਕਿ ਵਿਆਜ ਦਰਾਂ ਉਚੀਆਂ ਹੋਣ ਅਤੇ ਮਹਿੰਗਾਈ ਲਗਾਤਾਰ ਕਾਇਮ ਰਹਿਣ ਕਾਰਨ ਬੀਮਾ ਕੰਪਨੀਆਂ ਨੂੰ ਹਾਦਸਾਗ੍ਰਸਤ ਗੱਡੀਆਂ ਦੇ ਦਾਅਵੇ ਅਦਾ ਕਰਨ ਲਈ ਵੱਧ ਰਕਮ ਦੇਣੀ ਪੈ ਰਹੀ ਹੈ। ਜਦੋਂ ਦਾਅਵਿਆਂ ਦੀ ਰਕਮ ਵਧੇਗੀ ਤਾਂ ਬੀਮਾ ਪ੍ਰੀਮੀਅਮ ਵੀ ਵਧਣਗੇ।
ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਕੁਝ ਮਹੀਨੇ ਦੇ ਅੰਦਰ ਕਾਬੂ ਹੇਠ ਆ ਸਕਦੀ ਹੈ ਪਰ ਬੀਮਾ ਦਰਾਂ ਵਿਚ ਵਾਧੇ ਦਾ ਇਕ ਹੋਰ ਵੱਡਾ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਚੋਰੀ ਹੋ ਰਹੀਆਂ ਗੱਡੀਆਂ ਹਨ। ਇੰਸ਼ੋਰੈਂਸ ਬੋਰਡ ਆਫ ਕੈਨੇਡਾ ਦਾ ਕਹਿਣਾ ਹੈ ਕਿ ਬੀਮਾ ਕੰਪਨੀਆਂ ਵੱਲੋਂ 2022 ਵਿਚ ਇਕ ਅਰਬ ਡਾਲਰ ਦੀ ਅਦਾਇਗੀ ਕਾਰ ਮਾਲਕਾਂ ਨੂੰ ਕੀਤੀ ਗਈ ਅਤੇ ਇਸ ਵਿਚੋਂ ਅੱਧੀ ਰਕਮ ਇਕੱਲੇ ਗਰੇਟਰ ਟੋਰਾਂਟੋ ਏਰੀਆ ਵਾਲੇ ਲੈ ਗਏ। ਕੈਨੇਡਾ ਵਿਚ ਪਿਛਲੇ ਸਾਲ 80 ਹਜ਼ਾਰ ਤੋਂ ਵੱਧ ਕਾਰਾਂ ਚੋਰੀ ਹੋਈਆਂ ਜਿਨ੍ਹਾਂ ਵਿਚੋਂ ਟੋਰਾਂਟੋ ਵਿਖੇ 12,200 ਗੱਡੀਆਂ ਚੋਰੀ ਹੋਣ ਦੀ ਰਿਪੋਰਟ ਦਰਜ ਕੀਤੀ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।