ਜਲੰਧਰ ਵਿੱਚ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਨੇੜੇ ਦੋ ਕਾਰਾਂ ਅਤੇ ਇੱਕ ਐਸਯੂਵੀ ਦੀ ਹੋਈ ਭਿਆਨਕ ਟੱਕਰ ਵਿੱਚ ਪਿਤਾ-ਪੁੱਤਰ ਦੀ ਮੌਤ ਹੋ ਗਈ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਵੇਂ ਪਿਓ-ਪੁੱਤ ਸੜਕ ਦੇ ਕਿਨਾਰੇ ਖੜ੍ਹੇ ਸਨ ਅਤੇ ਪਾਰਟੀ ਤੋਂ ਘਰ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ।
ਆਸ-ਪਾਸ ਦੇ ਲੋਕਾਂ ਅਨੁਸਾਰ ਦੋਵੇਂ ਕਾਰਾਂ ਤੇਜ਼ ਰਫ਼ਤਾਰ ‘ਤੇ ਸਨ। ਕਾਰ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਨੁਕਸਾਨੀ ਗਈ ਬਰੇਜ਼ਾ ਗੱਡੀ (ਪੀ.ਬੀ.-08-ਈ.ਐਮ.-6066) ਦੇ ਪਰਖੱਚੇ ਉੱਡ ਗਏ। ਦੂਜੀ ਗੱਡੀ ਵੈਨੂ ਅਤੇ ਤੀਜੀ ਐਕਸਯੂਵੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਇਹ ਹਾਦਸਾ ਮਾਡਲ ਟਾਊਨ ਦੀ ਮਾਲ ਰੋਡ ‘ਤੇ ਥਿੰਦ ਆਈ ਹਸਪਤਾਲ ਦੇ ਬਾਹਰ ਵਾਪਰਿਆ। ਇਸ ਘਟਨਾ ‘ਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੰਦੀਪ ਸ਼ਰਮਾ (53 ਸਾਲ) ਅਤੇ ਸਨਨ ਸ਼ਰਮਾ (17 ਸਾਲ) ਵਾਸੀ ਮਕਦੂਮਪੁਰਾ, ਧੋਬੀ ਮੁਹੱਲਾ ਵਜੋਂ ਹੋਈ ਹੈ। ਹਾਦਸੇ ਦੇ ਸਮੇਂ ਦੋਵੇਂ ਪਿਓ-ਪੁੱਤ ਪਾਰਟੀ ਤੋਂ ਘਰ ਪਰਤਣ ਲਈ ਸੜਕ ਕਿਨਾਰੇ ਖੜ੍ਹੇ ਸਨ। ਇਸੇ ਦੌਰਾਨ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਹੋਰ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ।