ਡੀ.ਜੀ.ਪੀ. ‘ਤੇ ਉਂਗਲ ਚੁੱਕਣ ਦੀ ਬਿਜਾਏ ਮੇਰੇ ਨਾਲ ਗੱਲ ਕਰਨ ਬਾਜਵਾ: ਕੈਪਟਨ

TeamGlobalPunjab
4 Min Read

ਚੰਡੀਗੜ੍ਹ: ਕਾਂਗਰਸੀ ਸੰਸਦ ਮੈਂਬਰ ਵੱਲੋਂ ਪੰਜਾਬ ਦੇ ਡੀ.ਜੀ.ਪੀ. ਦੀ ਨਿਰਪੱਖਤਾ ‘ਤੇ ਉਂਗਲ ਚੁੱਕੇ ਜਾਣ ਉੱਤੇ ਕਰੜਾ ਰੁੱਖ ਅਪਣਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਹ ਉਨ੍ਹਾਂ (ਸੂਬੇ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ) ਨਾਲ ਰਾਬਤਾ ਕਰਨ ਜਾਂ ਦਿੱਲੀ ਵਿਖੇ ਪਾਰਟੀ ਹਾਈ ਕਮਾਨ ਕੋਲ ਪਹੁੰਚ ਕਰਨ ਜੇ ਉਨ੍ਹਾਂ ਨੂੰ ਸੂਬਾ ਸਰਕਾਰ ਖ਼ਿਲਾਫ਼ ਕੋਈ ਸ਼ਿਕਾਇਤ ਹੈ।
ਬਾਜਵਾ ਵੱਲੋਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਲਿਖੇ ਪੱਤਰ ਦਾ ਹਰਫ਼-ਬ-ਹਰਫ਼ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਰਾਜ ਸਭਾ ਮੈਂਬਰ ਦੀ ਬੁਖਲਾਹਟ ਜ਼ਾਹਰ ਹੁੰਦੀ ਹੈ ਅਤੇ ਉਨ੍ਹਾਂ ਵੱਲੋਂ ਬੋਲਿਆ ਜਾਂਦਾ ਝੂਠ ਸਭ ਦੇ ਸਾਹਮਣੇ ਆ ਗਿਆ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਾਜਵਾ ਦੇ ਖੁਦ ਦੇ ਕਹਿਣ ਮੁਤਾਬਕ ਉਹ ਤਥਾਕਥਿਤ ਸਿਆਸੀ-ਪੁਲਿਸ-ਨਸ਼ੇ ਦਾ ਗਠਜੋੜ, ਨਾਜਾਇਜ਼ ਸ਼ਰਾਬ ਦਾ ਉਤਪਾਦਨ ਤੇ ਵੰਡ ਅਤੇ ਨਾਜਾਇਜ਼ ਮਾਈਨਿੰਗ ਜੋ ਕਿ ਪੰਜਾਬ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਹੋ ਰਹੀ ਹੈ, ਖ਼ਿਲਾਫ਼ ਆਵਾਜ਼ ਚੁੱਕ ਰਹੇ ਹਨ। ਪਰ ਜੇਕਰ ਸਰਕਾਰ ਨੇ ਬਾਜਵਾ ਖ਼ਿਲਾਫ਼ ਕੋਈ ਬਦਲਾ ਲਊ ਕਾਰਵਾਈ ਕਰਨੀ ਹੁੰਦੀ ਤਾਂ ਉਸ ਵੱਲੋਂ ਕੇਂਦਰ ਵੱਲੋਂ ਬਾਜਵਾ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਦਾ ਇੰਤਜ਼ਾਰ ਨਾ ਕੀਤਾ ਜਾਂਦਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ, ”ਕੀ ਅਸੀਂ ਤੁਹਾਡੇ ਵੱਲੋਂ ਹਮੇਸ਼ਾ ਸੂਬਾ ਸਰਕਾਰ ਦੀ ਆਲੋਚਨਾ ਕੀਤੇ ਜਾਣ ਨੂੰ ਬਰਦਾਸ਼ਤ ਨਹੀਂ ਕੀਤਾ?”। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚਲੀਆਂ ਵਿਰੋਧੀ ਪਾਰਟੀਆਂ ਵੀ ਉਨ੍ਹਾਂ ਦੀ ਸਰਕਾਰ ਉੱਤੇ ਬਦਲਾਖੋਰੀ ਦਾ ਇਲਜ਼ਾਮ ਨਹੀਂ ਲਾ ਸਕਦੀਆਂ।

ਇਹ ਸਪਸ਼ੱਟ ਕਰਦੇ ਹੋਏ ਕਿ ਕਾਂਗਰਸੀ ਸੰਸਦ ਮੈਂਬਰ ਨੂੰ ਸੂਬੇ ਵੱਲੋਂ ਦਿੱਤੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਬਤੌਰ ਗ੍ਰਹਿ ਮੰਤਰੀ ਉਨ੍ਹਾਂ ਦਾ ਸੀ ਜੋ ਕਿ ਪੰਜਾਬ ਪੁਲਿਸ ਤੋਂ ਮਿਲੀ ਇੰਟੈਲੀਜੈਂਸ ਦੀ ਜਾਣਕਾਰੀ ‘ਤੇ ਆਧਾਰਿਤ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀ.ਜੀ.ਪੀ. ਦੇ ਉੱਤੇ ਬਾਜਵਾ ਵੱਲੋਂ ਨਿੱਜੀ ਹਮਲਾ ਕਰਨਾ ਨਾ ਸਿਰਫ਼ ਗ਼ਲਤ ਹੈ ਸਗੋਂ ਕਾਂਗਰਸ ਪਾਰਟੀ, ਜਿਸ ਦੇ ਬਾਜਵਾ ਖੁਦ ਵੀ ਸੀਨੀਅਰ ਮੈਂਬਰ ਹਨ, ਦੀਆਂ ਰਵਾਇਤਾਂ ਦੇ ਬਿਲਕੁਲ ਖ਼ਿਲਾਫ਼ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ”ਜੇਕਰ ਬਾਜਵਾ ਨੂੰ ਮੇਰੇ ਅਤੇ ਮੇਰੀ ਸਰਕਾਰ ‘ਤੇ ਕੋਈ ਭਰੋਸਾ ਨਹੀਂ ਹੈ ਤਾਂ ਉਸ ਨੇ ਪਾਰਟੀ ਹਾਈ ਕਮਾਨ ਤੱਕ ਪਹੁੰਚ ਕਰ ਕੇ ਆਪਣੇ ਗਿਲੇ-ਸ਼ਿਕਵੇ ਸਾਹਮਣੇ ਕਿਉਂ ਨਹੀਂ ਰੱਖੇ? ਕੀ ਉਸ ਨੂੰ ਪਾਰਟੀ ਹਾਈ ਕਮਾਨ ਉੱਤੇ ਵੀ ਵਿਸ਼ਵਾਸ ਨਹੀਂ ਰਿਹਾ।”

- Advertisement -

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਬੀਤੇ ਦਿਨੀਂ ਹੀ ਸਥਿਤੀ ਸਪੱਸ਼ਟ ਕਰ ਦਿੱਤੀ ਸੀ। ਇਸ ਦੇ ਬਾਵਜੂਦ ਬਾਜਵਾ ਵੱਲੋਂ ਡੀ.ਜੀ.ਪੀ. ‘ਤੇ ਨਿਸ਼ਾਨਾ ਸਾਧੇ ਜਾਣ ਨੇ ਉਨ੍ਹਾਂ ਨੂੰ ਆਪਣੀ ਉਹੀ ਗੱਲ ਦੁਹਰਾਉਣ ਲਈ ਮਜ਼ਬੂਰ ਕਰ ਦਿੱਤਾ ਹੈ ਜੋ ਕਿ ਉਨ੍ਹਾਂ ਨੇ ਕਾਂਗਰਸੀ ਸੰਸਦ ਮੈਂਬਰ ਦੀ ਸੁਰੱਖਿਆ ਸਬੰਧੀ ਪਹਿਲਾਂ ਹੀ ਸਪੱਸ਼ਟ ਕਰ ਦਿੱਤੀ ਸੀ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਬਾਜਵਾ ਇਕੱਲੇ ਵਿਅਕਤੀ ਨਹੀਂ ਹਨ ਜਿਨ੍ਹਾਂ ਦੀ ਸੁਰੱਖਿਆ ਕੋਵਿਡ ਮਹਾਂਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਵਾਪਸ ਲਈ ਗਈ ਹੈ। ਇਸ ਪਿੱਛੇ ਕਾਰਨ ਇਹ ਸੀ ਕਿ ਕੋਵਿਡ ਦੀ ਸਥਿਤੀ ਨੂੰ ਵੇਖਦੇ ਹੋਏ ਅਤੇ ਸੂਬੇ ਦੇ ਹਿੱਤਾਂ ਦੇ ਮੱਦੇਨਜ਼ਰ 6500 ਪੁਲਿਸ ਮੁਲਾਜ਼ਮ ਪੂਰੇ ਸੂਬੇ ਵਿੱਚ ਸੁਰੱਖਿਆ ਡਿਊਟੀਆਂ ਤੋਂ ਵਾਪਸ ਲੈ ਲਏ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਬਾਜਵਾ ਦੀ ਗੱਲ ਹੈ ਤਾਂ ਉਪਰੋਕਤ ਵਿੱਚ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਦੀ ਗਿਣਤੀ ਸਿਰਫ਼ ਛੇ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਦੂਜੀ ਗੱਲ ਬਾਜਵਾ ਦੀ ਸੂਬਾਈ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਰਾਜ ਸਭਾ ਮੈਂਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜ਼ੈਡ ਸੁਰੱਖਿਆ ਅਧੀਨ ਸੀ.ਆਈ.ਐਸ.ਐਫ. ਵੱਲੋਂ 25 ਸੁਰੱਖਿਆ ਕਰਮੀ (ਸਮੇਤ ਦੋ ਐਸਕਾਰਟ ਡਰਾਈਵਰ ਤੇ ਇਕ ਸਕਾਰਪੀਓ ਕਾਰ) ਦੇਣ ਤੋਂ ਬਾਅਦ ਹੀ ਲਿਆ ਗਿਆ।

Share this Article
Leave a comment