ਮੁੱਖ ਮੰਤਰੀ ਕੋਵਿਡ ਰਾਹਤ ਫੰਡ ਦੇ ਪੈਸਿਆਂ ਦਾ ਹਿਸਾਬ ਦੇਣ ਕੈਪਟਨ: ਭਗਵੰਤ ਮਾਨ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਸਾਲ ਕੋਰੋਨਾ ਕਾਲ ‘ਚ ਬਣਾਏ ਗਏ ਮੁੱਖ ਮੰਤਰੀ ਕੋਵਿਡ ਰਾਹਤ ਫੰਡ ‘ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਆਪ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ ਪੁੱਛਿਆ ਹੈ ਕਿ ਮੁੱਖ ਮੰਤਰੀ ਰਾਹਤ ਫੰਡ ਵਿੱਚ ਕਿੰਨਾ ਪੈਸਾ ਆਇਆ ਅਤੇ ਉਸ ਵਿੱਚੋਂ ਖ਼ਰਚ ਕਿੱਥੇ ਕਿੱਥੇ ਕੀਤਾ ਗਿਆ ਹੈ? ਅੱਜ ਤੱਕ ਇਸ ਫੰਡ ਦੀ ਜਾਣਕਾਰੀ ਕਿਉਂ ਜਨਤਕ ਨਹੀਂ ਕੀਤੀ ਗਈ? ਉਨਾਂ ਕਿਹਾ ਕਿ ਲੋਕਾਂ ਦੇ ਦਾਨ ਦਿੱਤੇ ਪੈਸੇ ਨੂੰ ਗੁਪਤ ਨਹੀਂ ਰੱਖਿਆ ਜਾ ਸਕਦਾ, ਇਸ ਲਈ ਕੈਪਟਨ ਅਮਰਿੰਦਰ ਸਿੰਘ ਇਸ ਫੰਡ ਦੇ ਪੈਸਿਆਂ ਦਾ ਹਿਸਾਬ ਲੋਕਾਂ ਨੂੰ ਦੇਣ।

ਸੂਬਾ ਪ੍ਰਧਾਨ ਨੇ ਸਵਾਲ ਕੀਤਾ ਕਿ ਕੋਰੋਨਾ ਨੂੰ ਭਾਰਤ ਵਿੱਚ ਆਇਆ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਕੋਰੋਨਾ ਦਾ ਪਹਿਲਾ ਦੌਰ ਵੀ ਬੀਤ ਚੁੱਕਿਆ ਹੈ, ਪਰ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਹੁੱਣ ਤੱਕ ਲੋੜੀਂਦੀ ਸੰਖਿਆ ਵਿੱਚ ਵੈਂਟੀਲੇਟਰ ਨਹੀਂ ਹਨ। ਹਸਪਤਾਲਾਂ ਵਿੱਚ ਹੁਣ ਤੱਕ ਬੈਡਾਂ ਦੀ ਗਿਣਤੀ ਵੀ ਨਹੀਂ ਵਧਾਈ ਗਈ ਤਾਂ ਜੋ ਮਹਾਂਮਾਰੀ ਦੇ ਦੂਜੇ ਦੌਰ ਦਾ ਸਹੀ ਤਰੀਕੇ ਨਾਲ ਮੁਕਾਬਲਾ ਕੀਤਾ ਜਾ ਸਕੇ। ਜਦ ਸਰਕਾਰ ਨੇ ਕੁੱਝ ਕੀਤਾ ਹੀ ਨਹੀਂ ਤਾਂ ਸਵਾਲ ਬਣਦਾ ਆਖ਼ਰ ਮੁੱਖ ਮੰਤਰੀ ਰਾਹਤ ਫੰਡ ਦੇ ਨਾਂ ‘ਤੇ ਇੱਕਠੇ ਕੀਤੇ ਕਰੋੜਾਂ ਰੁਪਏ ਦਾ ਸਰਕਾਰ ਨੇ ਕੀ ਕੀਤਾ ਹੈ? ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਝੂਠਾ ਪ੍ਰਚਾਰ ਕਰਨ ਤੋਂ ਬਿਨਾਂ ਇਸ ਸਾਲ ਵਿੱਚ ਕੁੱਝ ਨਹੀਂ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਰਾਜ ਵਿੱਚ ਲਗਾਤਾਰ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਸਿਹਤ ਸੇਵਾਵਾਂ ਨੂੰ ਚੰਗਾ ਕਰਨ ਦੀ ਥਾਂ ਮਹਾਂਮਾਰੀ ਦੇ ਨਾਂ ‘ਤੇ ਆਪਣਾ ਪ੍ਰਚਾਰ ਕਰ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੇ ਮ੍ਰਿਤਕਾਂ ਦੀ ਗਿਣਤੀ ਵਿੱਚ ਵੀ ਹੇਰਾ ਫ਼ੇਰੀ ਕਰ ਰਹੀ ਹੈ। ਰੋਜ ਸੈਂਕੜੇ ਲੋਕ ਇਲਾਜ ਨਾ ਹੋਣ ਕਾਰਨ ਮਰ ਰਹੇ ਹਨ, ਪਰ ਸਰਕਾਰ ਦੇ ਰਿਕਾਰਡ ਵਿੱਚ ਉਨਾਂ ਸਾਰੇ ਲੋਕਾਂ ਦੇ ਨਾਂ ਸ਼ਾਮਲ ਨਹੀਂ ਕੀਤੇ ਜਾ ਰਹੇ। ਸਰਕਾਰ ਜਿਹੜੇ ਅੰਕੜੇ ਦੱਸ ਰਹੀ ਹੈ, ਅਸਲ ਵਿੱਚ ਉਸ ਤੋਂ ਕਈ ਗੁਣਾ ਜ਼ਿਆਦਾ ਲੋਕ ਇਸ ਮਹਾਂਮਾਰੀ ਨਾਲ ਮਰ ਰਹੇ ਹਨ। ਉਨਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਕੈਪਟਨ ਸਰਕਾਰ ਨੇ ਆਮ ਆਦਮੀ ਦੀ ਜਾਨ ਬਚਾਉਣ ਲਈ ਉਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਥਾਂ 5000 ਡੈਡ ਬਾਡੀ ਕਵਰ ਦੀ ਸਪਲਾਈ ਲਈ ਟੈਂਡਰ ਜਾਰੀ ਕੀਤੇ ਹਨ। ਸਰਕਾਰ ਵੱਲੋਂ ਟੈਂਡਰ ਰਾਰੀ ਕਰਕੇ ਕਿਹਾ ਗਿਆ ਹੈ ਕਿ ਜਿੰਨੀ ਜਲਦੀ ਹੋ ਸਕੇ ਡੈਡ ਬਾਡੀ ਕਵਰਾਂ ਦੀ ਸਪਲਾਈ ਦਿੱਤੀ ਜਾਵੇ। ਇਸ ਤੋਂ ਪਤਾ ਲੱਗਦਾ ਹੈ ਕਿ ਰਾਜ ਸਰਕਾਰ ਕੇਵਲ ਸਿਹਤ ਸੇਵਾਵਾਂ ਦੇ ਨਾਂ ‘ਤੇ ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕਰ ਰਹੀ ਹੈ। ਉਨਾਂ ਕਿਹਾ ਕਿ ਕੋਰੋਨਾ ਨਾਲ ਲੋਕਾਂ ਨੂੰ ਚੰਗੀ ਗੁਣਵਤਾ ਵਾਲੇ ਇਲਾਜ ਨਾਲ ਹੀ ਬਚਾਇਆ ਜਾ ਸਕਦਾ ਹੈ। ਪਰ ਕੈਪਟਨ ਸਰਕਾਰ ਕੋਰੋਨਾ ਪੀੜਤਾਂ ਦੇ ਇਲਾਜ ਲਈ ਪ੍ਰਾਪਤ ਸਿਹਤ ਸੇਵਾਵਾਂ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਹੁਣ ਤੱਕ ਅਸਫ਼ਲ ਰਹੀ ਹੈ।

Share this Article
Leave a comment