ਚੰਡੀਗੜ੍ਹ: ਸੂਬੇ ਵਿੱਚ ਦਿਨੋਂ ਦਿਨ ਕੋਰੋਨਾ ਦੇ ਵਧ ਰਹੇ ਪ੍ਰਕੋਪ ਅਤੇ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਉੱਤੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਸਰਕਾਰ ਦੀ ਨਲਾਇਕੀ ਕਰਾਰ ਦਿੰਦਿਆਂ ਇਸ ਸਬੰਧੀ ਕਰੜੇ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਤੋਂ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿਚ ਹਰਪਾਲ ਚੀਮਾ ਨੇ ਕਿਹਾ ਕਿ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਿਛਲੇ ਇਕ ਸਾਲ ਦੇ ਦੌਰਾਨ ਪੰਜਾਬ ਵਿੱਚ ਸਿਹਤ ਸਹੂਲਤਾਂ ਅਤੇ ਢਾਂਚੇ ਨੂੰ ਲੈ ਕੇ ਕੋਈ ਵੀ ਕਾਰਜ ਨਹੀਂ ਕੀਤਾ ਹੈ ਜਿਸ ਕਾਰਨ ਅੱਜ ਪੰਜਾਬ ਭਾਰਤ ਦੇ ਸਭ ਤੋਂ ਵੱਧ ਕੋਰੋਨਾ ਕੇਸਾਂ ਵਾਲੇ ਰਾਜਾਂ ਵਿੱਚੋਂ ਮੂਹਰਲੀ ਕਤਾਰ ਵਿੱਚ ਆ ਕੇ ਖੜ੍ਹਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਇਕ ਸਾਲ ਤੋਂ ਕੋਰੋਨਾ ਨਾਲ ਨਜਿੱਠਣ ਲਈ ਬੜੇ ਹਲਕੇ ਕਦਮ ਚੁੱਕਦੀ ਰਹੀ ਹੈ ਜਿਸ ਕਾਰਨ ਅੱਜ ਪੰਜਾਬ ਦੇ ਲੋਕ ਇਸ ਬਿਮਾਰੀ ਤੋਂ ਤੇਜ਼ੀ ਨਾਲ ਗ੍ਰਸਤ ਹੋ ਰਹੇ ਹਨ।
ਚੀਮਾ ਨੇ ਕਿਹਾ ਕਿ ਸੂਬੇ ਵਿੱਚ ਦੇਸ਼ ਵਿੱਚੋਂ ਸਭ ਤੋਂ ਵੱਧ ਮਾਮਲੇ ਹੋਣ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਇਸ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ ਸਗੋਂ ਆਪਣੇ ਫਾਰਮ ਹਾਊਸ ਵਿੱਚ ਆਰਾਮ ਫਰਮਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਕਰੋਨਾ ਦੀ ਦਵਾਈ ਕੋਵੈਕਸੀਨ ਦੀ ਭਾਰੀ ਕਮੀ ਹੈ ਜਿਸ ਕਾਰਨ ਡਾਕਟਰਾਂ ਨੂੰ ਇਲਾਜ ਕਰਨ ਵਿੱਚ ਬੇਹੱਦ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਕੋਰੋਨਾ ਪੀੜਤ ਸਕੇ ਸਬੰਧੀਆਂ ਨੂੰ ਲੈ ਕੇ ਦਰ ਦਰ ਉੱਤੇ ਭਟਕਣ ਲਈ ਮਜਬੂਰ ਹੋ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਅਜੇ ਵੀ ਇਸ ਪ੍ਰਤੀ ਅਣਗਹਿਲੀ ਵਰਤ ਰਹੀ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸੂਬੇ ਵਿੱਚ ਇੰਨੇ ਮਾਮਲੇ ਵਧ ਜਾਣ ਦੇ ਬਾਵਜੂਦ ਵੀ ਹੁਣ ਤਕ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਹੈ ਅਤੇ ਨਾ ਹੀ ਆਪਣੇ ਅਧਿਕਾਰੀਆਂ ਨੂੰ ਕੋਈ ਖਾਸ ਹਿਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਾਹੀ ਫਾਰਮ ਹਾਊਸ ਤੋਂ ਬਾਹਰ ਆ ਕੇ ਤੁਰੰਤ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਅਤੇ ਇਸ ਸਬੰਧੀ ਜ਼ਰੂਰੀ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਣ।
ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਨਾਲ ਨਜਿੱਠਣ ਦੀ ਥਾਂ ਹੁਣ ਤੱਕ ਅੱਧੀਆਂ ਤਿਆਰੀਆਂ ਕਰ ਕੇ ਹੀ ਖੁਸ਼ੀ ਮਨਾਉਣ ਵਿੱਚ ਮਸ਼ਰੂਫ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ‘ਮਿਸ਼ਨ ਫਤਿਹ’ ਦੇ ਤਹਿਤ ਸਰਕਾਰ ਵੱਡੀਆਂ ਵੱਡੀਆਂ ਡੀਂਗਾਂ ਮਾਰਦੀ ਰਹੀ ਪ੍ਰੰਤੂ ਧਰਾਤਲ ਉੱਤੇ ਇਸ ਸਬੰਧੀ ਕੋਈ ਵੀ ਕਾਰਜ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ਼ਤਿਹਾਰਾਂ ਵਿੱਚ ਆਪਣੇ ਗੁਣਗਾਣ ਕਰਨ ਦੀ ਥਾਂ ਸਟਾਫ ਦੀ ਕਮੀ ਨੂੰ ਪੂਰਾ ਕਰਦੀ ਤਾਂ ਨਿਸ਼ਚਿਤ ਤੌਰ ਤੇ ਹੀ ਕਰੋਨਾ ਤੋਂ ਜੰਗ ਜਿੱਤੀ ਜਾ ਸਕਦੀ ਸੀ। ਚੀਮਾ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਪਿਛਲੇ ਸਮੇਂ ਵਿਚ ਫਾਰਗ ਕੀਤੇ ਗਏ ਸਿਹਤ ਵਿਭਾਗ ਦੇ ‘ਕੋਰੋਨਾ ਵਾਰੀਅਰਸ’ ਉਸ ਨੂੰ ਦੁਬਾਰਾ ਬਹਾਲ ਕਰਕੇ ਇਸ ਬਿਮਾਰੀ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣ।