ਕੈਪਟਨ ਨੇ ਕਾਂਗਰਸ ਹਾਈਕਮਾਨ ਅਤੇ ਸਿੱਧੂ ‘ਤੇ ਕੱਢੀ ਭੜਾਸ ; ਕਿਹਾ, ‘ਨਵਜੋਤ ਸਿੱਧੂ ਨੂੰ ਕਮਾਨ ਸੰਭਲਾ ਕੇ ਹੁਣ ਪਾਰਟੀ ਪਛਤਾਏਗੀ’

TeamGlobalPunjab
3 Min Read

 

ਨਵੀਂ ਪਾਰਟੀ ਤਾਂ ਹਰ ਹਾਲ ‘ਚ ਬਣਾਵਾਂਗਾ : ਕੈਪਟਨ

ਚੰਡੀਗੜ੍ਹ :  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਬਣਾਉਣ ਦਾ ਪੱਕਾ ਫ਼ੈਸਲਾ ਕਰ ਚੁੱਕੇ ਹਨ ਅਤੇ ਉਹ ਇਸ ਤੋਂ ਪਿੱਛੇ ਨਹੀਂ ਹਟਣਗੇ। ਕੈਪਟਨ ਨੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕਿ ਉਹ ਕਦੇ ਵੀ ਘਰ ਨਹੀਂ ਬੈਠਣਗੇ।

ਕੈਪਟਨ ਨੇ ਸਾਰੇ ਸ਼ੰਕੇ ਖ਼ਤਮ ਕਰਦਿਆਂ ਕਿਹਾ ਕਿ, ‘ਮੈਂ ਪਾਰਟੀ ਬਣਾਉਣ ਦਾ ਫ਼ੈਸਲਾ ਕਰ ਚੁੱਕਿਆ ਹਾਂ ਅਤੇ ਵੱਖਰੀ ਪਾਰਟੀ ਬਣਾਵਾਂਗਾ। ਪੰਜਾਬ ਮੇਰਾ ਸੂਬਾ ਹੈ, ਮੈਂ ਇਸ ਲਈ ਜੋ ਕੁਝ ਕਰ ਸਕਦਾ ਹਾਂ , ਉਹ ਸਭ ਕਰਾਂਗਾ।’

- Advertisement -

ਕੈਪਟਨ ਨੇ ਨਵਜੋਤ ਸਿੱਧੂ ਨੂੰ ਕਰੜੇ ਹੱਥੀਂ ਲਿਆ ਅਤੇ ਭਵਿੱਖਬਾਣੀ ਕੀਤੀ ਕਿ, ‘ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਪਾਰਟੀ ਪਛਤਾਏਗੀ, ਹਾਲਾਂਕਿ ਉਦੋਂ ਤੱਕ ਬੇਹੱਦ ਦੇਰ ਹੋ ਚੁੱਕੀ ਹੋਵੇਗੀ। ਉਨ੍ਹਾਂ ਸਾਫ਼ ਕੀਤਾ ਕਿ ਸਿੱਧੂ ਕਾਂਗਰਸ ‘ਚ ਰਹਿਣ ਭਾਵੇਂ ਨਾ ਪਰ ਹੁਣ ਕਾਂਗਰਸ ਦੇ ਲਈ ਉਨ੍ਹਾਂ ਦੇ ਦਰਵਾਜ਼ੇ ਬੰਦ ਹਨ। ਉਹ ਕਦੇ ਵੀ ਕਾਂਗਰਸ ‘ਚ ਨਹੀਂ ਜਾਣਗੇ।’

ਉਨ੍ਹਾਂ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਆਪਣੇ ਸਮੇਂ ਆਪਣੀ ਸਮਝ ਦੇ ਨਾਲ ਸਰਕਾਰ ਬਣਾਈ ਸੀ ਅਤੇ ਹੁਣ ਦਿੱਲੀ ਤੋਂ ਸਾਰੇ ਫ਼ੈਸਲੇ ਹੁੰਦੇ ਹਨ। ਮੈਂ ਚੰਗੀ ਪਾਰੀ ਖੇਡੀ ਹੈ ਅਤੇ ਮੈਨੂੰ ਪਾਰਟੀ ਛੱਡਣ ਬਾਰੇ ਕੋਈ ਅਫ਼ਸੋਸ ਨਹੀਂ ਹੈ।

ਹਾਈਕਮਾਨ ਨਾਲ ਨਾਰਾਜ਼ਗੀ ਅਤੇ ਕੁੜੱਤਣ ਦੀ ਵਜ੍ਹਾ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ਅਸਤੀਫ਼ਾ ਦੇਣ ਦੌਰਾਨ ਹਾਈਕਮਾਨ ਵੱਲੋਂ ਸੱਦੀ ਗਈ ਵਿਧਾਇਕ ਦਲ ਦੀ ਮੀਟਿੰਗ ਬਾਰੇ ਮੈਨੂੰ ਕਿਸੇ ਨੇ ਵੀ ਨਹੀਂ ਦੱਸਿਆ। ਵਿਧਾਇਕ ਦਲ ਦੀ ਮੀਟਿੰਗ ਨੂੰ ਲੈ ਕੇ ਰਾਤੋਂ-ਰਾਤ ਹੀ ਤੈਅ ਕਰ ਦਿੱਤਾ ਗਿਆ ਸੀ।

ਕੈਪਟਨ ਨੇ ਕਿਹਾ ਕਿ ਹੁਣ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ, ਉਥੋਂ ਹੀ ਮੰਤਰੀਆਂ ਦੇ ਫ਼ੈਸਲੇ ਹੋ ਰਹੇ ਹਨ। ਮੈਂ ਅਜਿਹੇ ਹਾਲਾਤ ‘ਚ ਕੰਮ ਨਹੀਂ ਕਰ ਸਕਦਾ ਸੀ, ਇਸੇ ਲਈ ਅਸਤੀਫ਼ਾ ਦੇ ਕੇ ਕਾਂਗਰਸ ਛੱਡਣ ਦਾ ਫ਼ੈਸਲਾ ਲਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 6 ਮਹੀਨੇ ਪਹਿਲਾਂ ਅਸੀਂ ਪੰਜਾਬ ’ਚ ਚੋਣਾਂ ਜਿੱਤ ਰਹੇ ਸੀ। ਮੈਂ ਸੋਨੀਆ ਗਾਂਧੀ ਨੂੰ ਕਿਹਾ ਅਤੇ ਚਿੱਠੀ ਵੀ ਲਿਖੀ ਸੀ ਕਿ ਚੋਣਾਂ ਜਿੱਤਣ ਦਿਓ, ਉਸ ਤੋਂ ਬਾਅਦ ਮੈਂ ਰਾਜਨੀਤੀ ਛੱਡ ਦੇਵੇਗਾਂ, ਪਾਰਟੀ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਚੁਣ ਲਵੇ ਪਰ ਮੈਨੂੰ ਦੱਸੇ ਬਿਨਾਂ ਹੀ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ। ਫਿਰ ਸੋਨੀਆ ਗਾਂਧੀ ਨੇ ਅਸਤੀਫ਼ਾ ਦੇਣ ਨੂੰ ਕਿਹਾ। ਮੈਂ ਪੰਜਾਬ ‘ਚ ਸੁਰੱਖਿਆ ਦੇ ਖ਼ਤਰੇ ਅਤੇ ਕਿਸਾਨ ਅੰਦੋਲਨ ਨੂੰ ਛੱਡ ਕੇ ਘਰ ਨਹੀਂ ਬੈਠ ਸਕਦਾ, ਇਸ ਲਈ ਸੰਨਿਆਸ ਨਹੀਂ ਲਿਆ।

- Advertisement -

ਭਾਜਪਾ ਨਾਲ ਗਠਜੋੜ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਮਸਲੇ ਦੇ ਹੱਲ ਤੋਂ ਬਾਅਦ ਹੀ ਭਾਜਪਾ ਨਾਲ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੈਲੀ ਕਰਨ ਦੀਆਂ ਗੱਲਾਂ ਸਿਰਫ਼ ਕਾਲਪਨਿਕ ਹਨ। ਕੈਪਟਨ ਨੇ ਖੇੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਜਲਦ ਹਲ ਦਾ ਵੀ ਸੰਕੇਤ ਦਿੱਤਾ ।

Share this Article
Leave a comment