ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਇਕ ਦੂਜੇ ਦੇ ਆਹਮੋ ਸਾਹਮਣੇ ਖੜੇ ਹਨ। ਕੇਵਲ ਐਨਾ ਹੀ ਨਹੀਂ ਸਗੋਂ ਮੰਤਰੀ ਮੰਡਲ ਦੇ ਮੈਂਬਰਾਂ ਅਤੇ ਕਾਂਗਰਸ ਦੇ ਵਿਧਾਇਕਾਂ ਵਿਚ ਵੀ ਕਤਾਰਬੰਦੀ ਤੇਜ਼ੀ ਨਾਲ ਹੋ ਰਹੀ ਹੈ। ਇਨ੍ਹਾਂ ਪ੍ਰਸਥਿਤੀਆਂ ਵਿਚ ਕਾਂਗਰਸ ਪਾਰਟੀ ਵੱਲੋਂ ਦੋਹਾਂ ਧਿਰਾਂ ਨੂੰ ਮੀਡੀਆ ਵਿਚ ਜਾ ਕੇ ਬਿਆਨ ਬਾਜੀ ਕਰਨ ਤੋਂ ਰੋਕ ਦਿੱਤਾ ਹੈ ਅਤੇ ਪੰਜਾਬ ਵਿਚ ਕਾਂਗਰਸ ਨੂੰ ਇੱਕਠੇ ਰੱਖਣ ਲਈ ਪਾਰਟੀ ਹਾਈ ਕਮਾਂਡ ਨੇ ਯਤਨ ਤੇਜ਼ ਕਰ ਦਿਤੇ ਹਨ।
ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਦੋਹਾਂ ਧਿਰਾਂ ਦੇ ਆਗੂਆਂ ਅਤੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਮਾਮਲਾ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਹਰੀਸ਼ ਰਾਵਤ ਨੇ ਪਹਿਲਾਂ ਵੀ ਕੈਪਟਨ ਅਮਰਿੰਦਰ ਅਤੇ ਸਿੱਧੂ ਦੀਆਂ ਮੁਲਕਾਤਾਂ ਕਰਾ ਕੇ ਸਹਿਮਤੀ ਬਨਾਉਣ ਦੀ ਕੋਸ਼ਿਸ਼ ਕੀਤੀ ਸੀ।ਪਰ ਇਸ ਦੇ ਬਾਵਜੂਦ ਟਕਰਾਅ ਖਤਮ ਨਹੀਂ ਹੋਇਆ। ਇਸ ਸਾਰੇ ਘਟਨਾਕ੍ਰਮ ਵਿਚ ਰਾਵਤ ਦਾ ਉਹ ਬਿਆਨ ਬਹੁਤ ਅਹਿਮ ਹੈ ਕਿ ਸਿੱਧੂ ਨੂੰ ਨਵੀਂ ਜਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਹੀ ਦੇਣਗੇ। ਇਸ ਦਾ ਸੰਕੇਤ ਇਹ ਸੀ ਕਿ ਕੈਪਟਨ ਦੀ ਸਹਿਮਤੀ ਨਾਲ ਹੀ ਸਿੱਧੂ ਨੂੰ ਪਾਰਟੀ ਜਾਂ ਸਰਕਾਰ ਵਿਚ ਨਵੀਂ ਜਿੰਮੇਵਾਰੀ ਸੌਂਪੀ ਜਾਵੇਗੀ। ਪਰ ਅਜਿਹਾ ਕੁਝ ਨਹੀਂ ਹੋਇਆ। ਕੈਪਟਨ ਨੇ ਆਖ ਦਿੱਤਾ ਕਿ ਸਿੱਧੂ ਲਈ ਉਸ ਦੇ ਦਰਵਾਜੇ ਸਦਾ ਲਈ ਬੰਦ ਹੋ ਗਏ ਹਨ।
ਦੂਜੇ ਪਾਸੇ ਬੇਅਦਬੀ ਸਮੇਤ ਪੰਜਾਬ ਦੇ ਵੱਡੇ ਮੁੱਦਿਆਂ ਤੇ ਕੀਤੇ ਵਾਅਦਿਆਂ ਲਈ ਸਿੱਧੂ ਲਗਾਤਾਰ ਕੈਪਟਨ ਨੂੰ ਘੇਰਦਾ ਆ ਰਿਹਾ ਹੈ।ਇਸ ਸਥਿਤੀ ਵਿਚ ਕੀ ਪਾਰਟੀ ਹਾਈ ਕਮਾਂਡ ਕੈਪਟਨ ਅਤੇ ਸਿੱਧੂ ਦੋਹਾਂ ਨੂੰ ਪਾਰਟੀ ਵਿਚ ਇੱਕਠੇ ਰੱਖ ਸਕੇਗੀ? ਹਾਲ ਦੀ ਘੜੀ ਲੱਗਦਾ ਹੈ ਕਿ ਕਾਂਗਰਸ ਹਾਈ ਕਮਾਂਡ ਕੋਲ ਵੀ ਦੋਹਾਂ ਆਗੂਆਂ ਨੂੰ ਇੱਕਠੇ ਰੱਖਣ ਦਾ ਘੜਿਆ-ਘੜਾਇਆ ਫਾਰਮੂਲਾ ਨਜ਼ਰ ਨਹੀਂ ਆ ਰਿਹਾ। ਹੁਣ ਹਾਕੀ ਖਿਡਾਰੀ ਪ੍ਰਗਟ ਸਿੰਘ ਵੀ ਮੁੱਖ ਮੰਤਰੀ ਵਿਰੁੱਧ ਖੁਲ੍ਹ ਕੇ ਮੈਦਾਨ ਵਿਚ ਆ ਗਿਆ ਹੈ।
ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਧਮਕੀਆਂ ਮਿਲਣ ਕਾਰਨ ਪੂਰਾ ਔਖਾ ਹੈ। ਕੈਪਟਨ ਅਮਰਿੰਦਰ ਵੱਲੋਂ ਸਿੱਧੂ ਨੂੰ ਪਾਸੇ ਕਰਨ ਲਈ ਪਾਰਟੀ ਅੰਦਰ ਇਹ ਵੀ ਚਰਚਾ ਛੇੜੀ ਗਈ ਹੈ ਕਿ ਕਿਸੀ ਟਕਸਾਲੀ ਕਾਂਗਰਸੀ ਨੂੰ ਹੀ ਪ੍ਰਧਾਨ ਬਣਾਇਆਂ ਜਾਵੇ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮਾਮਲਾ ਉਲਝਾ ਦਿਤਾ ਹੈ। ਇਸ ਸਾਰੇ ਖਲਾਰੇ ਨੂੰ ਸਮੇਟ ਕੇ ਆ ਰਹੀ ਵਿਧਾਨ ਸਭਾ ਦੀ ਚੋਣ ਦੀ ਤਿਆਰੀ ਕਾਂਗਰਸ ਪਾਰਟੀ ਲਈ ਵੱਡੀ ਚਣੋਤੀ ਵਾਲਾ ਕਾਰਜ ਹੈ।
ਪੰਜਾਬ ਦੀਆਂ ਦੋ ਵਿਰੋਧੀ ਧਿਰਾਂ ਨੇ ਵੀ ਕਾਂਗਰਸ ਦੇ ਘਮਸਾਨ ਤੇ ਆਪਣੀਆਂ ਨਜ਼ਰਾਂ ਪੂਰੀ ਤਰ੍ਹਾਂ ਟਕਾਈਆਂ ਹੋਈਆਂ ਹਨ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਸ ਹੈ ਕਿ ਕੈਪਟਨ ਹੀ ਵਿਧਾਨ ਸਭਾ ਚੋਣ ਵਿਚ ਕਾਂਗਰਸ ਦਾ ਮੁੱਖ ਮੰਤਰੀ ਦਾ ਚੇਹਰਾ ਹੋਵੇਗਾ ਅਤੇ ਕੈਪਟਨ ਨੂੰ ਅਕਾਲੀ ਦਲ ਇਕਲਿਆਂ ਹੀ ਢਾਹ ਲਏਗਾ। ਪਰ ਅਕਾਲੀ ਦਲ ਨੂੰ ਇਹ ਨਹੀਂ ਪਤਾ ਕਿ ਕਾਂਗਰਸ ਕੋਈ ਨਵਾਂ ਪੱਤਾ ਵੀ ਖੇਡ ਸੱਕਦੀ ਹੈ। ਟਕਸਾਲੀ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੂਰਾ ਦੀ ਅਗਵਾਈ ਨਾਲ ਨਵਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਲਈ ਚੁਣੌਤੀਆਂ ਖੜੀਆਂ ਕਰੇਗਾ।
ਪੰਜਾਬ ਵਿਚ ਆਮਆਦਮੀ ਪਾਰਟੀ ਬੇਅਦਬੀ ਦੇ ਮੁੱਦੇ ਸਮੇਤ ਵੱਡੇ ਮੁਦਿਆਂ ਨੂੰ ਲੈਕੇ ਵਾਅਦੇ ਨਾ ਪੂਰੇ ਕਰਨ ਲਈ ਦੋਹਾਂ ਰਵਾੲਤੀ ਧਿਰਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਆਪ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਆਪ ਕੋਲ ਪੰਜਾਬ ਦੀਆਂ ਚੋਣਾ ਲਈ ਕੋਈ ਚੇਹਰਾ ਨਹੀਂ ਹੈ ਅਤੇ ਨਾ ਹੀ ਮਜ਼ਬੂਤ ਜੱਥੇਬੰਦਕ ਢਾਂਚਾ ਹੈ। ਇਸ ਤਰ੍ਹਾਂ ਮੌਜੂਦਾਂ ਪ੍ਰਸਥਿਤੀਆਂ ਵਿਚ ਪੰਜਾਬ ਦੀਆਂ ਮੁੱਖ ਤਿੰਨੇ ਰਾਜਸੀ ਧਿਰਾਂ ਲਈ ਵਿਧਾਨ ਸਭਾ ਚੋਣਾ ਫਤਿਹ ਕਰਨ ਨੂੰ ਲੈਕੇ ਗੈਰ ਯਕੀਨੀ ਬਣੀ ਹੋਈ ਹੈ।
-ਜਗਤਾਰ ਸਿੰਘ ਸਿੱਧੂ
(ਸੀਨੀਅਰ ਪੱਤਰਕਾਰ)