ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਐਡਿਟ ਕੀਤਾ ਹੋਇਆ ਵੀਡੀਓ ਸ਼ੇਅਰ ਕਰਨ ‘ਤੇ ਕੇਜਰੀਵਾਲ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਵੀਡੀਓ ਫ਼ਰਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਨੇ ਆਪਣੇ ਰਾਜਨੀਤਕ ਹੋਂਦ ਨੂੰ ਬਚਾਉਣ ਲਈ ਇਸ ਤਰਾਂ ਦੀ ਗੰਦੀ ਰਾਜਨੀਤੀ ਦਾ ਸਹਾਰਾ ਲਿਆ ਹੈ। ਮੈਂ ਮੀਡੀਆ ਨੂੰ ਇਸ ਵੀਡੀਓ ਨੂੰ ਚਲਾਉਣ ਜਾਂ ਕਿਸੇ ਵੀ ਤਰਾਂ ਨਾਲ ਇਸਤੇਮਾਲ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕਰਦਾ ਹਾਂ। ਜੇਕਰ ਕੈਪਟਨ ਅਮਰਿੰਦਰ ਇਸ ਵੀਡੀਓ ਨੂੰ ਵਾਪਸ ਨਹੀਂ ਲੈਂਦੇ ਅਤੇ ਝੂਠੀ ਵੀਡੀਓ ਸ਼ੇਅਰ ਕਰਨ ਨੂੰ ਲੈ ਕੇ ਤੁਰੰਤ ਮੁਆਫ਼ੀ ਨਹੀਂ ਮੰਗਦੇ ਤਾਂ ਮੈਂ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਂਗਾ। ਕੇਜਰੀਵਾਲ ਨੇ ਕਿਹਾ ਕਿ ਲੋਕਤੰਤਰਿਕ ਤਰੀਕੇ ਨਾਲ ਚੁਣੇ ਗਏ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਜਿਹੇ ਕੂੜ ਪ੍ਰਚਾਰ ਦਾ ਸਹਾਰਾ ਲੈਣਾ ਅਤੇ ਆਪਣੇ ਰਾਜਨੀਤਕ ਹੋਂਦ ਲਈ ਕਿਸੇ ਦੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਉਣਾ ਬੇਹੱਦ ਨਿੰਦਣਯੋਗ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕੈਪਟਨ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਫ਼ਰਜ਼ੀ ਵੀਡੀਓ ਰਾਹੀਂ ਝੂਠਾ ਪ੍ਰਚਾਰ ਕਰਨ ਦੀ ਉਨ੍ਹਾਂ ਦੀ ਗੰਦੀ ਰਾਜਨੀਤੀ ਨੂੰ ਇਸ ਵਾਰ ਕਾਨੂੰਨੀ ਤਰੀਕੇ ਨਾਲ ਨਿੱਬੜਿਆ ਜਾਵੇਗਾ। ਅਜਿਹਾ ਕਰਕੇ ਕੈਪਟਨ ਅਮਰਿੰਦਰ ਨੇ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਉਹ ਭਾਜਪਾ ਦੇ ਬੁਲਾਰੇ ਤੋਂ ਇਲਾਵਾ ਹੋਰ ਕੁੱਝ ਨਹੀਂ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਵੱਲੋਂ ਫ਼ਰਜ਼ੀ ਵੀਡੀਓ ਰਾਹੀਂ ਕੇਜਰੀਵਾਲ ‘ਤੇ ਲਗਾਏ ਗਏ ਝੂਠੇ ਦੋਸ਼ਾਂ ਨੂੰ ਅਗਲੇ ਹੀ ਦਿਨ ਕੈਪਟਨ ਨੇ ਦੁਹਰਾਇਆ ਹੈ।