ਕੈਪਟਨ ਨੈਤਿਕਤਾ ਦੇ ਅਧਾਰ ‘ਤੇ ਆਪਣੀ ਪਟਿਆਲਾ ਵਿਧਾਨ ਸਭਾ ਸੀਟ ਤੋਂ ਤੁਰੰਤ ਦੇਣ ਅਸਤੀਫਾ – ਬੀਰ ਦਵਿੰਦਰ ਸਿੰਘ

TeamGlobalPunjab
5 Min Read

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਆਪਣਾ ਨਾਤਾ ਸਦਾ ਲਈ ਤੋੜ ਲਿਆ ਹੈ ਅਤੇ ਉਹ ਜਲਦ ਹੀ ਆਪਣੀ ਨਵੀਂ ਪਾਰਟੀ ਦਾ ਗਠਨ ਕਰਨ ਜਾ ਰਹੇ ਹਨ। ਜਿਸ ‘ਤੇ ਸੀਨੀਅਰ ਕਾਂਗਰਸੀ ਲੀਡਰ ਬੀਰ ਦਵਿੰਦਰ ਸਿੰਘ ਨੇ ਕਿਹਾ ਕੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਕਰਵਾਉਂਣਾ ਚਾਹੁੰਦਾ ਹਾਂ ਕਿ ਪਹਿਲਾਂ ਉਨ੍ਹਾਂ ਨੂੰ ਨੈਤਿਕਤਾ ਦੇ ਅਧਾਰ ਤੇ, ਆਪਣੀ ਪਟਿਆਲਾ ਵਿਧਾਨ ਸਭਾ ਸੀਟ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਣੀ ਲੋਕਪ੍ਰਿਅਤਾ ਤੇ ਸਰਬਮਾਨਤਾ ਪਰਖਣ ਲਈ ਆਪਣੀ ਪਤਨੀ ਪਰਨੀਤ ਕੌਰ ਨੂੰ ਕਾਂਗਰਸ ਪਾਰਟੀ ਅਤੇ ਲੋਕ ਸਭਾ ਦੀ ਪਟਿਆਲਾ ਸੀਟ ਤੋਂ ਅਸਤੀਫਾ ਦੇਣ ਲਈ ਕਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਪਟਿਆਲਾ ਅਤੇ ਪਟਿਆਲਾ ਤੋਂ ਬਾਹਰ, ਸਾਰੇ ਪੰਜਾਬ ਵਿੱਚ ਜਿੰਨੇ ਵੀ ਉਨ੍ਹਾਂ ਦੇ ਲੰਗੋਟੀਏ ਯਾਰ ਤੇ ਜਿਗਰੀ ਪੈਰੋਕਾਰ, ਲਾਹੇਵੰਦ ਸਰਕਾਰੀ ਰੁਤਬਿਆਂ ਤੇ ਬੈਠੇ ਹਨ, ਉਨ੍ਹਾਂ ਨੂੰ ਵੀ ਕੈਪਟਨ ਪ੍ਰਤੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ, ਤੁਰੰਤ ਅਸਤੀਫੇ ਦੇਣ ਦੀ ਅਪੀਲ ਕਰਨੀ ਚਾਹੀਦੀ ਹੈ ।

ਉਹਨਾਂ ਕਿਹਾ ਕੇ ਬੜੇ ਦੁੱਖ ਦੀ ਗੱਲ ਹੈ ਕਿ ਕੈਪਟਨ ਲਗਪਗ ਇੱਕ ਮਹੀਨੇ ਤੋਂ ਲਗਾਤਾਰ ਕਾਂਗਰਸ ਹਾਈ ਕਮਾਂਡ ਅਤੇ ਖਾਸ ਕਰਕੇ ਕਾਂਗਰਸ ਦੇ ਪ੍ਰਧਾਨ ਸੋਨੀਆਂ ਗਾਂਧੀ ਤੇ ਇਹ ਆਰੋਪ ਲਗਾ ਰਹੇ ਹਨ ਕਿ ਉਨ੍ਹਾਂ ਨੇ ਮੈਨੂੰ ਜ਼ਲੀਲ ਕਰਕੇ ਮੁੱਖ ਮੰਤਰੀ ਦੇ ਰੁਤਬੇ ਤੋਂ ਹਟਾਇਆ ਹੈ ਅਤੇ ਹੁਣ ਮੈਂ ਕਾਂਗਰਸ ਤੋਂ ਬਾਹਰ ਜਾ ਕੇ, ਬੀ.ਜੇ.ਪੀ ਦੇ ਸਹਿਯੋਗ ਨਾਲ ਆਪਣੀ ਨਵੀਂ ਪਾਰਟੀ ਬਣਾ ਕੇ ਪੰਜਾਬ ਵਿੱਚ ਚੋਣਾਂ ਲੜਾਂਗਾ। ਚੰਗੀ ਗੱਲ ਹੈ, ਜਮਹੂਰੀਅਤ ਵਿੱਚ ਅਜਿਹਾ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ, ਪਰ ਇਹ ਵੇਖਣ ਲਈ ਕਿ ਕੀ ਪੰਜਾਬ ਦੇ ਲੋਕ ਅਜਿਹਾ ਕਰਨ ਵਿੱਚ ਉਨ੍ਹਾਂ ਦਾ ਸਾਥ ਵੀ ਦੇਣਗੇ ਜਾਂ ਨਹੀਂ , ਇਸ ਪਰਖ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪਤਨੀ ਪਰਨੀਤ ਕੌਰ ਦਾ ਸਾਥ ਨਵੀਂ ਪਾਰਟੀ ਲਈ ਮੰਗਣਾ ਚਾਹੀਦਾ ਹੈ ਅਥੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਅਤੇ ਲੋਕ ਸਭਾ ਦੀ ਪਟਿਆਲਾ ਸੀਟ ਤੋਂ ਅਸਤੀਫਾ ਦੇਣ ਲਈ ਕਹਿਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਇਸ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਅਚਨਚੇਤ ਕਿਸਾਨਾਂ ਦਾ ਅਤੇ ਪੰਜਾਬ ਦੇ ਲੋਕਾਂ ਦਾ ਹੇਜ ਕਿਵੇਂ ਜਾਗ ਪਿਆ ਹੈ, ਸਾਢੇ-ਚਾਰ ਸਾਲ ਤਾਂ ਬਤੌਰ ਮੁੱਖ ਮੰਤਰੀ ਇਸ ਨੇ ਪੰਜਾਬ ਵਿੱਚ ਕਿਸੇ ਨੂੰ ਮੂੰਹ ਤੱਕ ਨਹੀਂ ਦਿਖਾਇਆ, 700 ਤੋਂ ਵੱਧ ਪੰਜਾਬ ਦੇ ਕਿਸਾਨ, ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋ ਚੁੱਕੇ ਹਨ, ਕੈਪਟਨ ਅਮਰਿੰਦਰ ਸਿੰਘ ਕਿਸੇ ਇੱਕ ਵੀ ਕਿਸਾਨ ਦੇ ਘਰ ਅਖ਼ਸੋਸ ਕਰਨ ਨਹੀਂ ਗਿਆ ਤੇ ਨਾ ਹੀ ਪੀੜਤ ਪਰਿਵਾਰਾਂ ਦੇ ਹੰਝੂ ਪੂੰਝੇ ਹਨ। 100 ਦੇ ਲਗਪਗ ਫੌਜੀ ਜਵਾਨਾਂ ਦੇ ਤਬੂਤ ਜੰਮੂ-ਕਸ਼ਮੀਰ ਅਤੇ ਚੀਨ ਦੀਆਂ ਸਰਹੱਦਾਂ ਤੋਂ ਪੰਜਾਬ ਪੁੱਜੇ ਹਨ, ਜਿਨ੍ਹਾਂ ਨੇ ਆਪਣੇ ਵਤਨ ਦੀਆ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹਾਦਤ ਦੇ ਜਾਮ ਪੀਤੇ ਹਨ ਅਥੇ ਆਪਣੀਆਂ ਛਾਤੀਆਂ ਵਿੱਚ ਗੋਲੀਆਂ ਖਾ ਕੇ ਦੇਸ਼ ਦੀ ਰਾਖੀ ਕੀਤੀ ਹੈ, ਪਰ ਕੈਪਟਨ ਅਮਰਿੰਦਰ ਸਿੰਘ ਇੱਕ ਸਾਬਕਾ ਫੌਜੀ ਕੈਪਟਨ ਹੁੰਦੇ ਹੋਏ ਵੀ, ਪੰਜਾਬ ਵਿੱਚ ਕਿਸੇ ਇੱਕ ਵੀ ਸ਼ਹੀਦ ਦੇ ਸਸਕਾਰ ਉੱਤੇ ਉਸ ਜਵਾਨ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਾਜ਼ਰ ਨਹੀਂ ਹੋਏ।

ਬਤੌਰ ਮੁੱਖ ਮੰਤਰੀ ਪੰਜਾਬ, ਸਾਢੇ ਚਾਰ ਸਾਲ ‘ਰੇਸ਼ਮ ਦੇ ਕੀੜੇ ਵਾਂਗ’ ਸਿਸਵਾਂ ਫਾਰਮ ਵਿੱਚ ਹੀ, ਆਪਣੇ ‘ਮਨ-ਭਾਉਂਦੇ ਵਿਦੇਸ਼ੀ ਮਹਿਮਾਨਾਂ’ ਨਾਲ ਲਿਪਟੇ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਦੇਸ਼ੀ ਮਹਿਮਾਨਾਂ ਦੀ ਖਾਤਰ-ਤਵੱਜੋ ਤੋਂ ਹੀ ਵਿਹਲ ਨਹੀਂ ਮਿਲਿਆ, ਆਖਰ ਵੇਲ਼ਾ ਬੀਤ ਗਿਆ, ਹੁਣ ਆਖਦੇ ਨੇ ਮੈਂ ਟਿੱਕ ਕੇ ਘਰ ਨਹੀਂ ਬੈਠਾਂਗਾ, ਪੰਜਾਬ ਵਿੱਚ ਅਜੇਹਾ ਭੜਥੂ ਪਾ ਦਿਆਂਗਾ ਕਿ, ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅਜੀਤ ਡੋਵਲ ਦੀ ਅਸ਼ੀਰਵਾਦ ਨਾਲ, ਆਪਣੀ ਨਵੀਂ ਬਣਨ ਵਾਲੀ ਪਾਰਟੀ ਦੀ ਅਜੇਹੀ ਹਨੇਰੀ ਲਿਆ ਦੇਵਾਂਗਾ ਕਿ ਕਾਂਗਰਸ ਵਾਲੇ ਅੱਖਾ ਮਲ਼ਦੇ, ਦੇਖਦੇ ਹੀ ਰਹਿ ਜਾਣਗੇ।

- Advertisement -

ਉਹਨਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਾਂਗਾ ਕਿ ਬਹੁਤੇ ਦਮਗਜੇ ਮਾਰਨ ਦੀ ਬਜਾਏ, ਪਹਿਲਾਂ ਨੈਤਿਕਤਾ ਦਾ ਸਬੂਤ ਦਿੰਦੇ ਹੋਏ, ਪਟਿਆਲਾ ਵਿਧਾਨ ਸਭਾ ਸੀਟ ਤੋਂ ਤੁਰੰਤ ਅਸਤੀਫਾ ਦਿਓ ਉਸ ਤੋਂ ਬਾਅਦ ਆਪਣੀ ਪਤਨੀ ਦਾ ਅਸਤੀਫਾ ਦਵਾਓ, ਫੇਰ ਆਓ ਆਪਣੀ ਨਵੀਂ ਪਾਰਟੀ ਦੇ ਉਮੀਦਵਾਰ ਬਣਕੇ ਮੈਦਾਨ ਵਿੱਚ, ਦੇਖੋ ਪੰਜਾਬ ਦੇ ਲੋਕ ਤੁਹਾਨੂੰ ਕਿਵੇਂ ‘ਧੂੜ ਚਟਾਉਂਦੇ’ ਹਨ, ਲੋਕ ਵੀ ਮੁੱਠੀਆਂ ਵਿੱਚ ਥੁੱਕੀ ਬੈਠੇ ਹਨ, ਬਾਕੀ ਤਮਾਸ਼ਾ ਤਾਂ ਸਾਰਾ ਪੰਜਾਬ ਆਉਂਣ ਵਾਲੇ ਸਮੇਂ ਵਿੱਚ ਦੇਖੇਗਾ ਤੇ ਨਾਲ਼ੇ ਹਿਸਾਬ ਮੰਗੇਗਾ ਕਿ ਕੈਪਟਨ ਨੇ ਕਿਸਤਰ੍ਹਾਂ ਆਪਣੇ ਹਿੱਤਾਂ ਲਈ ਪੰਜਾਬ ਨੂੰ ਬਰਬਾਦ ਕੀਤਾ ਹੈ ਅਤੇ ਮਾਫੀਆ ਰਾਜ ਰਾਹੀਂ ਸਾਰੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ।

Share this Article
Leave a comment