ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਨਖਾਹੀਆਂ ਕਰਾਰ

TeamGlobalPunjab
4 Min Read

ਅੰਮ੍ਰਿਤਸਰ: ਬਰਗਾੜੀ ਮੋਰਚੇ ਨੂੰ ਧੋਖੇ ਨਾਲ ਖ਼ਤਮ ਕਰਾਉਣ ਦੇ ਦੋਸ਼ ਹੇਠ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ। ਇਸ ਸਬੰਧੀ ਇਕ ਹੁਕਮਨਾਮਾ  ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਬਾਹਰੋਂ ਉਨ੍ਹਾਂ ਵੱਲੋਂ ਜਾਰੀ ਕੀਤਾ ਗਿਆ ਹੈ।

ਭਾਈ ਮੰਡ ਨੇ ਇਸ ਤੋ ਪਹਿਲਾਂ ਕੈਪਟਨ ਨੂੰ ਆਪਣਾ ਪਖ ਰਖਣ ਲਈ ਤਿੰਨ ਤੋ ਵਧ ਮੌਕੇ ਦਿੱਤੇ ਸਨ ਤੇ ਪਿਛਲੀ 10 ਨਵੰਬਰ ਨੂੰ ਕੈਪਟਨ ਨੇ ਭਾਈ ਮੰਡ ਵਲ ਇਕ ਪੱਤਰ ਭੇਜਿਆ ਸੀ ਜਿਸ ਤੋ ਭਾਈ ਮੰਡ ਅਸੰਤੁਸ਼ਟ ਸਨ ਉਨਾਂ ਕੈਪਟਨ ਨੂੰ ਖੁਦ ਪੇਸ਼ ਹੋ ਕੇ ਆਪਣਾ ਪਖ ਰਖਣ ਲਈ ਕਿਹਾ ਸੀ ਪਰ ਵਾਰ ਵਾਰ ਕੈਪਟਨ ਨੂੰ ਬੁਲਾਉਣ ਤੇ ਜਦ ਕੈਪਟਨ ਨਹੀ ਆਏ ਤਾਂ  ਭਾਈ ਮੰਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਤੇ ਸਮੂੰਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਦੇਸ਼ ਦਿੱਤਾ ਕਿ ਜਦ ਤਕ ਕੈਪਟਨ ਅਮਰਿੰਦਰ ਸਿੰਘ ਪੰਜ ਪਿਆਰਿਆਂ ਅਗੇ ਪੇਸ਼ ਹੋ ਕੇ ਤਨਖਾਹ ਨਹੀ ਲਗਵਾ ਲੈਂਦੇ ਉਨਾਂ ਨੂੰ ਨਾ ਤਾਂ ਕਿਸੇ ਧਾਰਮਿਕ ਸਟੇਜ਼ ਤੋਂ ਬੋਲਣ ਦਿੱਤਾ ਜਾਵੇ ਤੇ ਨਾ ਹੀ ਉਨਾਂ ਦਾ ਕਿਸੇ ਧਾਰਮਿਕ ਸਥਾਨ ਤੇ ਸਨਮਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਇਨਸਾਫ਼ ਲੈਣ ਵਾਸਤੇ ਬਰਗਾੜੀ ਵਿਖੇ ਲਾਏ ਗਏ ਮੋਰਚੇ ਨੂੰ ਪੰਜਾਬ ਸਰਕਾਰ ਵੱਲੋਂ ਝੂਠਾ ਭਰੋਸਾ ਦੇ ਕੇ ਚੁਕਵਾਇਆ ਗਿਆ ਸੀ।  ਪੰਜ ਸਿੰਘਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਉਹ ਇਸ ਸਿੱਟੇ ਤੇ ਪੁੱਜੇ ਹਨ ਕਿ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਸਾਜ਼ਿਸ਼ ਤਹਿਤ ਇਸ ਮੋਰਚੇ ਨੂੰ ਖ਼ਤਮ ਕਰਵਾਇਆ ਸੀ। ਇਸ ਬਾਰੇ ਸਰਕਾਰ ਦੇ ਦੋ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਕੁਲਬੀਰ ਸਿੰਘ ਜ਼ੀਰਾ, ਜੋ ਉਸ ਵੇਲੇ ਸਰਕਾਰ ਦੇ ਏਲਚੀ ਬਣ ਕੇ ਆਏ ਸਨ, ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ। ਉਨ੍ਹਾਂ ਆਪਣਾ ਸਪਸ਼ਟੀਕਰਨ ਦੇ ਕੇ ਇਸ ਸਬੰਧੀ ਸਾਰੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਸੀ।

ਭਾਈ ਮੰਡ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਜੋ  ਬੇਅਦਬੀ ਕਾਂਡ ਦੀ ਪੜਤਾਲ  ਕਰਵਾ ਰਹੀ ਹੈ ਉਹ ਬੇਹਦ ਧੀਮੀ ਗਤੀ ਤੇ ਚਲ ਰਹੀ ਹੈ। ਇਸ ਨੂੰ ਸਮਾਂਬਧ ਕੀਤਾ ਜਾਵੇ। ਉਨਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤੰਝ ਕਸਦਿਆਂ ਕਿਹਾ ਕਿ  ਪਹਿਲਾਂ ਤਾਂ ਮਾਨਯੋਗ ਮੰਤਰੀ ਕਿਹਾ ਕਰਦੇ ਸਨ ਕਿ ਬੇਅਦਬੀ ਕਾਰਨ ਉਨਾਂ ਨੂੰੰ ਰਾਤ ਨੀਂਦ ਨਹੀ ਆਉਂਦੀ ਹੁਣ ਮੰਤਰੀ ਜੀ ਦਸਣ ਕਿ ਹੁਣ ਨੀਂਦ ਕਿਵੇ ਹੈ। ਪਹਿਲਾਂ ਮੰਤਰੀ ਕਿਹਾ ਕਰਦੇ ਸਨ ਕਿ ਸਾਰਾ ਮਾਮਲਾ ਕੈਪਟਨ ਅਰਿੰਦਰ ਸਿੰਘ ਹਲ ਨਹੀ ਕਰਦੇ ਹੁਣ ਤਾਂ ਪੂਰੀ ਰਾਜਸੀ ਤਾਕਤ ਮੰਤਰੀ ਦੇ ਹੱਥ ਵਿਚ ਹੈ ਹੁਣ ਬੇਅਦਬੀ ਕਾਂਡ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਿਉ ਨਹੀ ਕਰ ਰਹੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਭਾਈ ਮੰਡ ਨੇ ਕਿਹਾ ਕਿ ਹਰ ਕੋਈ ਬੇਅਦਬੀ ਮਾਮਲੇ ਤੇ ਹਰ ਕੋਈ ਸਿਆਸਤ ਕਰ ਰਿਹਾ ਹੈ। ਸਿੱਧੂ ਲੰਮੇ ਸਮੇ ਤੋ ਇਨਸਾਫ ਦੀ ਗਲ ਤਾਂ ਕਰਦੇ ਹਨ ਉਹ ਸਿਰਫ ਗਲਾਂ ਤਕ ਸੀਮਤ ਹਨ। ਸਾਨੂੰ ਇਨਸਾਫ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਮਾਮਲੇ ਤੇ ਪੜਤਾਲ ਕਰਨ ਵਾਲੀਆਂ ਸਿਟਾਂ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਬਾਰੇ ਸ਼ਪਸ਼ਟ ਕਰ ਦਿੱਤਾ ਸੀ। ਹੁਣ ਮਾਮਲਾ ਕਿਥੇ ਰੁਕਿਆ ਹੈ।ਇਸ ਫੈਸਲੇ ਤੇ ਭਾਈ ਮੰਡ ਦੇ ਨਾਲ ਨਾਲ ਬਾਬਾ ਨਛਤਰ ਸਿੰਘ ਕਲਰਭੈਣੀ, ਬਾਬਾ ਹਰਬੰਸ ਸਿੰਘ, ਭਾਈ ਹਰਦੇਵ ਸਿੰਘ ਅਤੇ ਬਾਬਾ ਗੁਰਸੇਵਕ ਸਿੰਘ ਦੇ ਦਸਤਖਤ ਹਨ। ਇਸ ਮੌਕੇ ਤੇ ਸਰਬਤ ਖਾਲਸਾ ਦੇ ਸੰਯੋਜਕ ਜਰਨੈਨ ਸਿੰਘ ਸਖੀਰਾ, ਅਕਾਲੀ ਦਲ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਹੋਲੀ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਕਾਲਾ ਵੀ ਹਾਜਰ ਸਨ।

- Advertisement -

Share this Article
Leave a comment