ਕੈਪਟਨ ਅਮਰਿੰਦਰ ਵੱਲੋਂ ਸੋਨੀਆ ਗਾਂਧੀ ਦੇ ਪ੍ਰਧਾਨਗੀ ਅਹੁਦੇ ‘ਤੇ ਬਣੇ ਰਹਿਣ ਵਾਲੇ ਕੇਂਦਰੀ ਵਰਕਿੰਗ ਕਮੇਟੀ ਦੇ ਮਤੇ ਦਾ ਸਵਾਗਤ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਦੇ ਪ੍ਰਧਾਨਗੀ ਅਹੁਦੇ ‘ਤੇ ਬਣੇ ਰਹਿਣ ਵਾਲੇ ਕੇਂਦਰੀ ਵਰਕਿੰਗ ਕਮੇਟੀ ਦੇ ਮਤੇ ਦਾ ਸਵਾਗਤ ਕੀਤਾ ਹੈ। ਇਸ ਮਤੇ ਤਹਿਤ ਸੋਨੀਆ ਗਾਂਧੀ ਨੂੰ ਏ. ਆਈ. ਸੀ. ਸੀ. ਦੇ ਅਗਲੇ ਇਜਲਾਸ ਤੱਕ ਪਾਰਟੀ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੂੰ ਕਿਸੇ ਵੀ ਚੁਣੌਤੀ/ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਫ਼ੈਸਲੇ, ਸੰਗਠਨਾਤਮਕ ਬਦਲਾਵਾਂ ਸਣੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਕੇਂਦਰੀ ਵਰਕਿੰਗ ਕਮੇਟੀ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਇਸ ਸੁਝਾਅ ਦੀ ਹਮਾਇਤ ਕੀਤੀ ਕਿ ਕਾਂਗਰਸ ਪ੍ਰਧਾਨ ਨੂੰ ਪਾਰਟੀ ਦੇ ਮਾਮਲਿਆਂ ਨੂੰ ਚਲਾਉਣ ‘ਚ ਮਦਦ ਕਰਨ ਲਈ ਕੋਈ ਢਾਂਚਾ ਹੋਣਾ ਬਹੁਤ ਜ਼ਰੂਰੀ ਹੈ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਸੋਨੀਆ ਗਾਂਧੀ ਦੇ ਕਾਂਗਰਸ ਪ੍ਰਧਾਨ ਬਣੇ ਰਹਿਣ ਦੇ ਮੁੱਦੇ ਨੂੰ ਸਦਾ ਲਈ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਆਗੂ ਪੀ. ਚਿਦਾਂਬਰਮ ਦੀ ਇਸ ਗੱਲ ਨਾਲ ਵੀ ਸਹਿਮਤ ਹਨ ਕਿ ਨਵੇਂ ਪ੍ਰਧਾਨ ਦੀ ਚੋਣ ਕਰਨ ਲਈ ਏ. ਆਈ. ਸੀ. ਸੀ. ਦਾ ਅਗਲਾ ਇਜਲਾਸ ਛੇਤੀ ਹੀ, ਸੰਭਾਵੀ ਤੌਰ ‘ਤੇ ਅਗਲੇ 6 ਮਹੀਨਿਆਂ ਦੇ ਅੰਦਰ ਸੱਦਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਵਰਕਿੰਗ ਕਮੇਟੀ ਦੇ ਉਸ ਮਤੇ ਨਾਲ ਵੀ ਪੂਰਨ ਤੌਰ ‘ਤੇ ਸਹਿਮਤ ਹਨ, ਜਿਸ ‘ਚ ਪਾਰਟੀ ਅੰਦਰਲੇ ਮਤਭੇਦਾਂ ਨੂੰ ਮੀਡੀਆ ਜਾਂ ਕਿਸੇ ਜਨਤਕ ਮੰਚ ਦੀ ਬਜਾਏ ਪਾਰਟੀ ਦੇ ਅੰਦਰ ਹੀ ਵਿਚਾਰਿਆ ਤੇ ਹੱਲ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕਾਂਗਰਸੀ ਆਗੂਆਂ ਦੇ ਇਕ ਧੜੇ ਵੱਲੋਂ ਪੱਤਰ ਲੀਕ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੱਦਿਆਂ ਨਾਲ ਨਜਿੱਠਣ ਦੇ ਹੋਰ ਵੀ ਕਈ ਢੰਗ ਹੁੰਦੇ ਹਨ। ਕੈਪਟਨ ਨੇ ਪੱਤਰ ਜਾਰੀ ਹੋਣ ਦੇ ਸਮੇਂ ‘ਤੇ ਸਵਾਲ ਚੁੱਕਣ ਸਬੰਧੀ ਰਾਹੁਲ ਗਾਂਧੀ ਵੱਲੋਂ ਦਿੱਤੇ ਦਖਲ ਤੋਂ ਤੁਰੰਤ ਬਾਅਦ ਕਿਹਾ ਕਿ ਇਹ ਠੀਕ ਨਹੀਂ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਪਾਰਟੀ ਦੀ ਅਗਵਾਈ ਕਰਦੇ ਰਹਿਣ ਅਤੇ ਆਪਣੇ ਅਹੁਦਾ ਛੱਡਣ ਦਾ ਮਨ ਬਣਾਉਣ ‘ਤੇ ਪਾਰਟੀ ਦੀ ਵਾਂਗਡੋਰ ਰਾਹੁਲ ਗਾਂਧੀ ਨੂੰ ਸੌਂਪ ਦੇਣ ਲਈ ਕਿਹਾ।

Share this Article
Leave a comment