ਚੰਡੀਗੜ੍ਹ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਆਤਮ-ਹੱਤਿਆ ਕਰਨ ‘ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਆਪਣੇ ਟਵੀਟ ‘ਚ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਅਚਾਨਕ ਦੇਹਾਂਤ ਬਾਰੇ ਸੁਣ ਕੇ ਮਨ ਨੂੰ ਬਹੁਤ ਦੁੱਖ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਇੱਕ ਚੰਗੇ ਅਦਾਕਾਰ ਸਨ ਜੋ ਆਪਣੀ ਸਖਤ ਮਿਹਨਤ ਸਦਕਾ ਟੀਵੀ ਜਗਤ ਤੋਂ ਵੱਡੇ ਪਰਦੇ ‘ਤੇ ਪਹੁੰਚਿਆ। ਉਸ ਦਾ ਇਸ ਤਰ੍ਹਾਂ ਜਾਣਾ ਬੇਹੱਦ ਦੁਖਦਾਈ ਹੈ, ਉਹ ਹਮੇਸ਼ਾ ਸਾਰਿਆਂ ਨੂੰ ਯਾਦ ਰਹਿਣਗੇ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਇਸ ਦੁੱਖ ਦੀ ਘੜੀ ‘ਚ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
Sad to hear about the sudden demise of #SushantSinghRajput. An exemplary actor who will be missed by all. Praying for strength to his family and friends in this difficult time. pic.twitter.com/F7V5rpnMFe
— Capt.Amarinder Singh (@capt_amarinder) June 14, 2020
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਅੱਜ ਸ਼ੱਕੀ ਹਾਲਾਤਾਂ ਵਿਚ ਮੁੰਬਈ ਸਥਿਤ ਆਪਣੇ ਘਰ ਵਿਚ ਖ਼ੁਦਕੁਸ਼ੀ ਕਰ ਲਈ ਸੀ। ਮੁੱਢਲੀ ਜਾਂਚ ‘ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਫਾਹਾ ਲਿਆ ਹੈ। ਹਾਲੇ ਤੱਕ ਉਨ੍ਹਾਂ ਦੇ ਇਸ ਫੈਸਲੇ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਹੈ।
ਸੁਸ਼ਾਂਤ ਨੇ ਸਭ ਤੋਂ ਪਹਿਲਾਂ ‘ਕਿਸ ਦੇਸ਼ ਮੇਂ ਹੈ ਮੇਰਾ ਦਿਲ’ ਨਾਂ ਦੇ ਸੀਰੀਅਲ ‘ਚ ਕੰਮ ਕੀਤਾ ਸੀ। ਪਰ ਉਹ ਏਕਤਾ ਕਪੂਰ ਦੇ ਸੀਰੀਅਲ ‘ਪਵਿੱਤਰ ਰਿਸ਼ਤਾ’ ਤੋਂ ਬਾਅਦ ਇੱਕ ਵੱਡਾ ਚਿਹਰਾ ਬਣ ਕੇ ਉਭਰੇ। ਸੁਸ਼ਾਂਤ ਸਿੰਘ ਰਾਜਪੂਤ ਨੇ ਐਮ.ਐੱਸ ਧੋਨੀ ਦੀ ਅਨਟੋਲਡ ਸਟੋਰੀ ਅਤੇ ਪੀ.ਕੇ ਸਮੇਤ ਕਈ ਯਾਦਗਾਰੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਕਈ ਪ੍ਰਸ਼ੰਸਕ ਅਤੇ ਬਾਲੀਵੁੱਡ ਸਿਤਾਰਿਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਭੇਟ ਕੀਤੀ।