ਐਬਟਸਫੋਰਡ: ਕੈਨੇਡਾ ਦੇ ਸਰੀ ਵਾਸੀ ਉੱਘੀ ਵਕੀਲ ਕੰਵਲਦੀਪ ਕੌਰ ਸਿੰਮੀ ਸੰਧੂ ਨੂੰ ਸੰਯੁਕਤ ਰਾਸ਼ਟਰ ਦੇ ਜਸਟਿਸ ਟ੍ਰਿਬਿਊਨਲ ‘ਚ ਜੱਜ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਪੰਜਾਬਣ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਕਮਲਜੀਤ ਸਿੰਘ ਗਰੇਵਾਲ ਜੁਲਾਈ 2009 ਤੋਂ 3 ਸਾਲਾਂ ਤੱਕ ਸੰਯੁਕਤ ਰਾਸ਼ਟਰ ਵਿਚ ਜੱਜ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਨਵੇਂ ਨਿਯੁਕਤ ਹੋਏ 7 ਮੈਂਬਰੀ ਜਸਟਿਸ ਟ੍ਰਿਬਿਊਨਲ ਵਿਚ ਕੈਨੇਡਾ ਦੀ ਕੰਵਲਦੀਪ ਕੌਰ ਸੰਧੂ , ਜਰਮਨ ਦੀ ਸਬੀਨ ਕਨੀਰਿਮ, ਬ੍ਰਾਜ਼ੀਲ ਦੀ ਮਾਰਥਾ ਹਾਲਫੋਰਡ, ਨਿਊਜ਼ੀਲੈਂਡ ਦੇ ਗਰੇਮੀ ਕੌਲਗਨ, ਦੱਖਣ ਅਫਰੀਕਾ ਦੇ ਜੌਹਨ ਰੇਮੰਡ ਮਰਫੀ, ਗ੍ਰੀਸ ਦੇ ਦਮਿਤਰਸ ਰਾਏਕੋਸ ‘ਤੇ ਬੈਲਜੀਅਮ ਦੇ ਜੀਨ ਫਰਾਂਸਿਸ ਜੱਜ ਨਿਯੁਕਤ ਕੀਤੇ ਗਏ ਹਨ।
ਕੰਵਲਦੀਪ ਕੌਰ ਸੰਧੂ ਜ਼ਿਲ੍ਹਾ ਲੁਧਿਆਣਾ ਦੀ ਜਗਰਾਉਂ ਤਹਿਸੀਲ ਦੇ ਪਿੰਡ ਮਾਣੂਕੇ ਨਾਲ ਸਬੰਧਿਤ ਉੱਘੇ ਸਮਾਜ ਸੇਵੀ ਤੇ ਰਾਜਸੀ ਵਿਸ਼ਲੇਸ਼ਕ ਸੁੱਖੀ ਸੰਧੂ ਦੀ ਪਤਨੀ ਹੈ ਤੇ ਬ੍ਰਿਟਿਸ਼ ਕੋਲੰਬੀਆ ਪਾਰਟੀ ਅਸੈਸਮੈਂਟ ਅਪੀਲ ਬੋਰਡ ਦੀ ਚੇਅਰਪਰਸਨ ਹੈ। ਕੰਵਲਦੀਪ ਕੌਰ ਸੰਧੂ ਨੇ ਸੰਨ 1989 ਵਿਚ ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਲਾਅ ਦੀ ਡਿਗਰੀ ਕੀਤੀ ਸੀ ‘ਤੇ ਉਹ ਕੈਨੇਡੀਅਨ ਬਾਰ ਐਸੋਸੀਏਸ਼ਨ ਦੀ ਵੀ ਮੈਂਬਰ ਹਨ।
ਸਿੰਮੀ (ਕੰਵਲਦੀਪ) ਸੰਧੂ ਇਸ ਵੇਲੇ ਬੀ.ਸੀ. ਦੇ ਪ੍ਰਾਪਰਟੀ ਅਸੈਸਮੈਂਟ ਅਪੀਲ ਬੋਰਡ ਦੀ ਚੇਅਰ ਹਨ। ਉਨ੍ਹਾਂ ਨੂੰ 2001 ਤੋਂ 2015 ਤੱਕ ਬੋਰਡ ਦੀ ਉਪ-ਚੇਅਰ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਰਜਕਾਰੀ ਚੇਅਰ ਅਤੇ ਹੁਣ ਬੋਰਡ ਦੀ ਚੇਅਰ ਅਤੇ ਸੀਈਓ ਨਿਯੁਕਤ ਕੀਤਾ ਗਿਆ ਸੀ।ਸੰਧੂ ਬੀ.ਸੀ. ਦੇ ਸਰਫੇਸ ਰਾਈਟਸ ਬੋਰਡ ਦੇ ਉਪ-ਚੇਅਰ ਵੀ ਹਨ।