ਕੈਨੇਡਾ ‘ਚ ਹੇਠਲੇ ਪੱਧਰ ‘ਤੇ ਆਈ ਮਹਿੰਗਾਈ ਦਰ

Prabhjot Kaur
2 Min Read

ਓਟਵਾ: ਕੈਨੇਡਾ ‘ਚ ਮਹਿੰਗਾਈ ਕਾਰਨ ਲੋਕਾਂ ਨੂੰ ਗਰੌਸਰੀ ‘ਤੇ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਰਕਮ ਖਰਚਣੀ ਪੈ ਰਹੀ ਹੈ। ਜੂਨ ਮਹੀਨੇ ਦੇ ਅੰਕੜਿਆਂ ਮੁਤਾਬਕ ਮਹਿੰਗਾਈ ਦਰ 27 ਮਹੀਨੇ ਦੇ ਹੇਠਲੇ ਪੱਧਰ ‘ਤੇ ਆ ਚੁੱਕੀ ਹੈ ਪਰ ਗਰੌਸਰੀ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 9 ਫੀਸਦੀ ਵਧ ਗਈਆਂ। ਉੱਥੇ ਦੂਜੇ ਪਾਸੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਮਹਿੰਗਾਈ ਦਰ 2.8 ਫ਼ੀਸਦੀ ‘ਤੇ ਆਉਣ ਨਾਲ ਕੈਨੇਡਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਖਿਲਾਫ ਸੰਘਰਸ਼ ਹਾਲੇ ਖਤਮ ਨਹੀਂ ਹੋਇਆ ਕਿਉਂਕਿ ਜੂਨ ਮਹੀਨੇ ਦੇ ਅੰਕੜੇ ਗੈਸੋਲੀਨ ਕੀਮਤਾਂ ‘ਚ ਪਿਛਲੇ ਸਾਲ ਦੇ ਮੁਕਾਬਲੇ ਆਈ ਕਮੀ ਦਾ ਨਤੀਜਾ ਹਨ।

ਖੁਰਾਕੀ ਵਸਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਜੂਨ ਦੌਰਾਨ ਮੁਲਕ ਦੇ ਲੋਕਾਂ ਨੇ ਇਨ੍ਹਾਂ ਲਈ ਮਈ ਤੋਂ ਵੀ ਵੱਧ ਕੀਮਤਾਂ ਅਦਾ ਕੀਤੀਆਂ। ਬੈਂਕ ਆਫ ਮੌਂਟਰੀਅਲ ਦੇ ਮੈਨੇਜਿੰਗ ਡਾਇਰੈਕਟਰ ਬੈਂਜਾਮਿਨ ਰਾਈਟਜ਼ ਨੇ ਕਿਹਾ ਕਿ ਇੱਕ ਪਾਸੇ ਚੰਗੀ ਖਬਰ ਹੈ ਅਤੇ ਇਸ ਪਾਸੇ ਮਾੜੀ ਖਬਰ ਪਰ ਉਮੀਦ ਕਰਦੇ ਹਾਂ ਕਿ ਦੋਹਾਂ ਖਬਰਾਂ ਨੂੰ ਪੜ੍ਹਨ ਦਾ ਤਰੀਕਾ ਸਹੀ ਹੋਵੇਗਾ। ਮਹਿੰਗਾਈ ਦਾ ਅੰਕੜਾ ਹੇਠਾਂ ਆਉਣ ਨਾਲ ਵਿਆਜ ਦਰਾਂ ਮੁੜ ਵਧਣ ਦੀ ਸੰਭਾਵਨਾ ਖਤਮ ਹੋ ਗਈ ਹੈ ਪਰ ਫਿਲਹਾਲ ਯਕੀਨੀ ਤੌਰ ‘ਤੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।

ਆਰਥਿਕ ਮਾਹਰਾਂ ਮੁਤਾਬਕ ਜੇ ਮੌਰਗੇਜ ਦੀਆਂ ਵਿਆਜ ਦਰਾਂ ‘ਚ ਪਿਛਲੇ ਸਾਲ ਤੋਂ ਹੁਣ ਤੱਕ ਹੋਏ ਵਾਧੇ ਨੂੰ ਇਕ ਪਾਸੇ ਰੱਖ ਦਿੱਤਾ ਜਾਵੇ ਤਾਂ ਮਹਿੰਗਾਈ ਦਰ 2 ਫੀਸਦੀ ਦੇ ਅੰਕੜੇ ‘ਤੇ ਮੰਨੀ ਜਾ ਸਕਦੀ ਹੈ। ਵਿਆਜ ਦਰਾਂ ‘ਚ ਲਗਾਤਾਰ ਵਾਧੇ ਕਾਰਨ ਮੋਰਗੇਜ ਦੀਆਂ ਕਿਸ਼ਤਾਂ 30 ਫ਼ੀਸਦੀ ਤੋਂ ਵਧ ਚੁੱਕੀਆਂ ਹਨ। ਦੂਜੇ ਪਾਸੇ ਬੈਂਕ ਆਫ ਕੈਨੇਡਾ ਦਾ ਮੰਨਣਾ ਹੈ ਕਿ ਅਗਲੇ ਸਾਲ ਤੱਕ ਮਹਿੰਗਾਈ ਦਰ 3 ਫ਼ੀਸਦੀ ਦੇ ਆਲੇ-ਦੁਆਲੇ ਕਾਇਮ ਰਹਿ ਸਕਦੀ ਹੈ ਅਤੇ 2025 ਤੱਕ 2 ਫੀਸਦੀ ਦੇ ਪੱਧਰ ‘ਤੇ ਆ ਸਕਦੀ ਹੈ। ਕੇਂਦਰੀ ਬੈਂਕ ਦੀ ਅਗਲੀ ਸਮੀਖਿਆ ਮੀਟਿੰਗ 6 ਸਤੰਬਰ ਨੂੰ ਹੋਣੀ ਹੈ ਅਤੇ ਉਸ ਵੇਲੇ ਦੇ ਹਾਲਾਤ ਨੂੰ ਵੇਖਦਿਆਂ ਵਿਆਜ ਦਰਾਂ ਬਾਰੇ ਫੈਸਲਾ ਕੀਤਾ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment