ਕੈਲਗਰੀ: ਕੈਨੇਡਾ ਦੇ ਐਲਬਰਟਾ ਸੂਬੇ ‘ਚ ਲੱਗੀ ਅੱਗ ਨੇ ਹੁਣ ਤੱਕ ਕਾਫੀ ਤਬਾਹੀ ਮਚਾ ਦਿੱਤੀ ਹੈ। ਇਸ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਗਏ ਅਤੇ ਲੱਖਾਂ ਹੈਕਟੇਅਰ ਖੇਤਰ ਸੜਕੇ ਸੁਆਹ ਹੋ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਇਹ ਅੱਗ ਜਲਦੀ ਬੁਝਦੀ ਨਜ਼ਰ ਨਹੀਂ ਆ ਰਹੀ। ਐਮਰਜੰਸੀ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਜੰਗਲਾਂ ਵਿੱਚ ਲੱਗੀ ਇਹ ਅੱਗ ਕਈ ਮਹੀਨੇ ਜਾਰੀ ਰਹਿ ਸਕਦੀ ਹੈ।
ਮੌਜੂਦਾ ਸਮੇਂ ਸੂਬੇ ਵਿਚ 96 ਥਾਵਾਂ ‘ਤੇ ਅੱਗ ਲੱਗੀ ਹੋਈ ਹੈ। ਇਨ੍ਹਾਂ ਵਿੱਚੋਂ 27 ਥਾਵਾਂ ‘ਤੇ ਲੱਗੀ ਅੱਗ ਕਾਬੂ ਤੋਂ ਬਾਹਰ ਸ਼੍ਰੇਣੀ ਵਿੱਚ ਰੱਖੀ ਗਈ ਹੈ। ਕਿਉਂਕਿ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਇਸ ‘ਤੇ ਕਾਬੂ ਪਾਉਣ ਵਿੱਚ ਮੁਸ਼ਕਲ ਆ ਰਹੀ ਹੈ। ਐਲਬਰਟਾ ਦੇ ਵਾਈਲਡਫ਼ਾਇਰ ਸੂਚਨਾ ਅਧਿਕਾਰੀ ਸੇਂਟ-ਓਂਜ ਨੇ ਕਿਹਾ ਕਿ ਜਦੋਂ ਤੱਕ ਮੌਸਮ ‘ਚ ਵੱਡੀ ਤਬਦੀਲੀ ਨਹੀਂ ਹੁੰਦੀ ਅਤੇ ਬਹੁਤ ਜ਼ਿਆਦਾ ਨਮੀ ਵਾਲਾ ਮੌਸਮ ਨਹੀਂ ਆਉਂਦਾ, ਉਦੋਂ ਤੱਕ ਇਸ ਅੱਗ ‘ਤੇ ਪੂਰੀ ਤਰਾਂ ਕਾਬੂ ਨਹੀਂ ਪਾਇਆ ਜਾ ਸਕਦਾ। ਜਿਸ ਪੱਧਰ ਦੀ ਅੱਗ ਇਸ ਵੇਲੇ ਲੱਗੀ ਹੋਈ ਹੈ ਉਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਇਸ ‘ਤੇ ਕਾਬੂ ਪਾਉਣ ਵਿਚ ਮਹੀਨੇ ਵੀ ਲੱਗ ਸਕਦੇ ਹਨ।
ਐਲਬਰਟਾ ਦੇ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਇਸ ਸਾਲ ਹੁਣ ਤੱਕ 480 ਘਟਨਾਵਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ‘ਚ 6 ਲੱਖ 94 ਹਜ਼ਾਰ ਹੈਕਟੇਅਰ ਦੀ ਜ਼ਮੀਨ ਸੜਕੇ ਤਬਾਹ ਹੋ ਚੁੱਕੀ ਹੈ। ਜੰਗਲੀ ਅੱਗਾਂ ਘਰਾਂ ਅਤੇ ਕਾਰੋਬਾਰਾਂ ਨੂੰ ਵੀ ਆਪਣੀ ਲਪੇਟ ‘ਚ ਲੈ ਚੁੱਕੀ ਹੈ। ਹਜ਼ਾਰਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ ਅਤੇ ਹੁਣ ਦੇ ਅੰਕੜਿਆਂ ਅਨੁਸਾਰ 19 ਹਜ਼ਾਰ 500 ਲੋਕ ਅਜੇ ਵੀ ਆਪਣੇ ਘਰਾਂ ਤੋਂ ਬਾਹਰ ਹਨ। 2500 ਦੇ ਲਗਭਗ ਫ਼ਾਇਰਫ਼ਾਈਟਰਜ਼ ਇਸ ਸਮੇਂ ਐਲਬਰਟਾ ਵਿਚ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਅਤੇ ਰਾਹਤ ਕਾਰਜਾਂ ‘ਚ ਲੱਗੇ ਹੋਏ ਹਨ। ਇਨ੍ਹਾਂ ਵਿਚੋਂ 1,600 ਐਲਬਰਟਾ ਵਾਇਲਡਫ਼ਾਇਰ ਅਤੇ 900 ਜਣੇ ਕੈਨੇਡੀਅਨ ਆਰਮਡ ਫੋਰਸੇਜ਼, ਹੋਰ ਸੂਬਿਆਂ ਅਤੇ ਅਮਰੀਕਾ ਤੋਂ ਪਹੁੰਚੇ ਹਨ। ਉੱਤਰੀ ਐਲਬਰਟਾ ਵਿਚ ਇਸ ਹਫ਼ਤੇ ਦੇ ਅਖ਼ੀਰ ਵਿਚ ਤਾਪਮਾਨ ਹੋਰ ਵਧਣ ਕਰਕੇ ਅੱਗ ਦਾ ਖ਼ਤਰਾ ਹੋਰ ਵਧ ਗਿਆ ਹੈ। ਜੰਗਲੀ ਅੱਗਾਂ ਕਾਰਨ ਐਲਬਰਟਾ ਦੇ ਦੱਖਣੀ ਇਲਾਕੇ ਵਿਚ ਪਿਛਲੇ ਕੁਝ ਦਿਨਾਂ ਵਿਚ ਹਵਾ ਵਿਚ ਧੂੰਏਂ ਦੀ ਚਾਦਰ ਜਿਹੀ ਬਣ ਹੋ ਗਈ ਹੈ ਜਿਸ ਕਰਕੇ ਵਿਜ਼ਿਬਿਲੀਟੀ ਵੀ ਪ੍ਰਭਾਵਿਤ ਹੋਈ ਹੈ ਅਤੇ ਲੋਕਾਂ ਲਈ ਇੱਕ ਸਿਹਤ ਚੁਣੌਤੀ ਵੀ ਪੈਦਾ ਹੋ ਰਹੀ ਹੈ।

