ਟੋਰਾਂਟੋ: ਕੈਨੇਡਾ ਵੱਲੋਂ ਬੀਤੇ ਜੂਨ ਮਹੀਨੇ ਦੌਰਾਨ 19,200 ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ ਅਤੇ ਇਨ੍ਹਾਂ ‘ਚੋਂ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਰਹੀ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 6,760 ਭਾਰਤੀ, ਪਰਮਾਨੈਂਟ ਰੈਜ਼ੀਡੈਂਟ ਬਣ ਕੇ ਕੈਨੇਡਾ ਪੁੱਜੇ।
ਭਾਰਤ ਤੋਂ ਬਾਅਦ ਚੀਨ ਨਾਲ ਸਬੰਧਤ 2 ਹਜ਼ਾਰ ਅਤੇ ਫ਼ਿਲੀਪੀਨਜ਼ ਨਾਲ ਸਬੰਧਤ 900 ਪ੍ਰਵਾਸੀ ਕੈਨੇਡਾ ਆਏ। ਇਸ ਤੋਂ ਇਲਾਵਾ ਅਮਰੀਕਾ ਤੋਂ 740, ਪਾਕਿਸਤਾਨ ਤੋਂ 595, ਬ੍ਰਾਜ਼ੀਲ ਤੋਂ 560, ਯੂ.ਕੇ. ਤੋਂ 535 ਅਤੇ ਨਾਈਜੀਰੀਆ ਤੋਂ 530 ਪ੍ਰਵਾਸੀਆਂ ਨੇ ਕੈਨੇਡਾ ਦੀ ਉਡਾਣ ਭਰੀ। ਈਰਾਨ ਅਤੇ ਦੱਖਣੀ ਕੋਰੀਆ ਤੋਂ ਵੀ 390 ਅਤੇ 355 ਨਵੇਂ ਪ੍ਰਵਾਸੀ ਆਉਣ ਦੀ ਰਿਪੋਰਟ ਹੈ।
ਦੱਸ ਦਈਏ ਕਿ ਅਪ੍ਰੈਲ ਅਤੇ ਮਈ ਦੌਰਾਨ ਨਵੇਂ ਪ੍ਰਵਾਸੀਆਂ ਦੀ ਆਮਦ ਕ੍ਰਮਵਾਰ ਚਾਰ ਹਜ਼ਾਰ ਅਤੇ 11 ਹਜ਼ਾਰ ਦਰਜ ਕੀਤੀ ਗਈ ਸੀ। ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਜੂਨ ਦੌਰਾਨ ਸਭ ਤੋਂ ਵੱਧ ਨਵੇਂ ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ ‘ਤੇ ਕਦਮ ਰੱਖਿਆ ਪਰ ਪਿਛਲੇ ਜੂਨ 2019 ਵਿਚ ਕੈਨੇਡਾ ਆਏ ਪ੍ਰਵਾਸੀਆਂ ਦੇ ਮੁਕਾਬਲੇ ਇਹ ਅੰਕੜਾ 34 ਹਜ਼ਾਰ ਘੱਟ ਰਿਹਾ।
ਕੈਨੇਡਾ ਸਰਕਾਰ ਨੇ 18 ਮਾਰਚ ਤੋਂ ਆਵਾਜਾਈ ਬੰਦਿਸ਼ਾਂ ਲਾਗੂ ਕਰ ਦਿਤੀਆਂ ਸਨ ਜਿਸ ਦਾ ਸਿੱਧਾ ਅਸਰ ਪ੍ਰਵਾਸੀਆਂ ਦੀ ਆਮਦ ‘ਤੇ ਪਿਆ ਅਤੇ ਪੀ.ਆਰ. ਮਿਲਣ ਦੀ ਤਸਦੀਕ ਦੇ ਬਾਵਜੂਦ ਵੱਡੀ ਗਿਣਤੀ ਵਿਚ ਪ੍ਰਵਾਸੀ ਕੈਨੇਡਾ ਪੁੱਜਣ ਤੋਂ ਵਾਂਝੇ ਰਹਿ ਗਏ।