ਟੋਕਿਓ/ਓਟਾਵਾ : ਟੋਕਿਓ ਓਲੰਪਿਕ ਖੇਡਾਂ ਵਿਚ ਕੈਨੇਡਾ ਨੇ ਚਾਂਦੀ ਨਾਲ ਆਪਣਾ ਖ਼ਾਤਾ ਖੋਲਿਆ ਹੈ। ਕੈਨੇਡਾ ਦੀ ਮਹਿਲਾ ਤੈਰਾਕੀ ਟੀਮ ਨੇ ਦੇਸ਼ ਲਈ ਸਿਲਵਰ ਮੈਡਲ ਜਿੱਤ ਕੇ ਤਗਮੇ ਬਟੋਰਨ ਦੀ ਸ਼ੁਰੂਆਤ ਕੀਤੀ ਹੈ। ਕੈਨੇਡਾ ਦੀਆਂ ਮਹਿਲਾ ਤੈਰਾਕਾਂ ਨੇ ਦੋ ਸਿਲਵਰ ਮੈਡਲ ਜਿੱਤੇ ਹਨ।
ਔਰਤਾਂ ਦੀ 4 x 100 ਮੀਟਰ ਫਰੀ ਸਟਾਈਲ ਰਿਲੇਅ ਵਿਚ ਕੈਨੇਡਾ ਦੀਆਂ ਔਰਤਾਂ ਦੀ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ।
ਟੋਕਿਓ ਓਲੰਪਿਕ ਵਿਚ ਕੈਨੇਡਾ ਦਾ ਇਹ ਪਹਿਲਾ ਤਗਮਾ ਹੈ। ਪੇਨੀ ਓਲੇਕਸਿਆਕ, ਕਾਇਲਾ ਸੰਚੇਜ਼, ਮੈਗੀ ਮੈਕ ਨੀਲ ਅਤੇ ਰੇਬੇਕਾ ਸਮਿੱਥ ਦੀ ਰਿਲੇਅ ਟੀਮ ਨੇ ਕੈਨੇਡਾ ਲਈ ਚਾਂਦੀ ਦਾ ਤਗਮਾ ਜਿੱਤਿਆ। ਇਸੇ ਈਵੈਂਟ ਵਿੱਚ ਆਸਟ੍ਰੇਲੀਆ ਨੇ ਵਿਸ਼ਵ ਰਿਕਾਰਡ ਬਣਾਉਂਦਿਆਂ ਸੋਨ ਤਗਮਾ ਜਿੱਤਿਆ ਅਤੇ ਅਮਰੀਕਾ ਤੀਜੇ ਨੰਬਰ ‘ਤੇ ਰਿਹਾ, ਜਿਸ ਨੂੰ ਕਾਂਸੇ ਦਾ ਮੈਡਲ ਮਿਲਿਆ ਹੈ।
🇦🇺 ਆਸਟ੍ਰੇਲੀਆ ਨੇ ਇਹ ਮੁਕਾਬਲਾ 3:29:69 ਸੈਕਿੰਡ ਵਿੱਚ
🇨🇦 ਕੈਨੇਡਾ ਨੇ 3:32:78 ਅਤੇ
🇺🇲 ਅਮਰੀਕਾ ਨੇ 3:32:81 ਸੈਕਿੰਡ ਦੇ ਫਰਕ ਨਾਲ ਮੈਡਲ ਜਿੱਤੇ।
ਉਧਰ ਦੂਜਾ ਸਿਲਵਰ ਮੈਡਲ ਕੈਨੇਡੀਅਨ ਮਹਿਲਾ ਗੋਤਾਖੋਰਾਂ ਨੂੰ ਸਿੰਕ੍ਰੋਨਾਈਜ਼ਡ ਸਪਰਿੰਗ ਬੋਰਡ ਡਾਇਵਿੰਗ ਵਿੱਚ ਮਿਲਿਆ।
ਜੈਨੀਫ਼ਰ ਹਾਬਲ ਅਤੇ ਮੇਲਿਸਾ ਸਿਟਰੀਨੀ-ਬੀਉਲੀਯੂ ਨੇ ਮਹਿਲਾਵਾਂ ਦੇ ਤਿੰਨ ਮੀਟਰ ਸਿੰਕ੍ਰੋਨਾਈਜ਼ਡ ਸਪਰਿੰਗ ਬੋਰਡ ਡਾਇਵਿੰਗ ਵਿੱਚ ਦੂਜਾ ਸਥਾਨ ਹਾਸਲ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ।