ਟੋਰਾਂਟੋ: ਕੈਨੇਡਾ ‘ਚ ਹੁਣ ਵਿਦੇਸ਼ੀਆਂ ਲਈ ਦਰਵਾਜ਼ੇ ਹੌਲੀ-ਹੌਲੀ ਬੰਦ ਹੋ ਰਹੇ ਹਨ। ਨਵੇਂ ਸਰਕਾਰੀ ਅੰਕੜੇ ਇੱਕ ਹੋਰ ਖਤਰਨਾਕ ਹਕੀਕਤ ਵੱਜੋਂ ਸਾਹਮਣੇ ਆ ਰਹੇ ਹਨ। “ਟੋਰਾਂਟੋ ਸਟਾਰ” ਵੱਲੋਂ ਜਾਰੀ ਵਿਸ਼ਲੇਸ਼ਣ ਮੁਤਾਬਕ ਹੁਣ ਕੈਨੇਡਾ ਪਹਿਲਾਂ ਨਾਲੋਂ ਕਿਤੇ ਵੱਧ ਵਿਦੇਸ਼ੀ ਵਿਦਿਆਰਥੀਆਂ, ਕਾਮਿਆਂ ਅਤੇ ਯਾਤਰੀਆਂ ਦੇ ਵੀਜ਼ੇ ਰੱਦ ਕਰ ਰਿਹਾ। 2024 ਵਿੱਚ 23.5 ਲੱਖ ਵੀਜ਼ਾ ਅਰਜ਼ੀਆਂ ਰੱਦ ਹੋਣ ਦਾ ਅੰਕੜਾ ਹਰ ਕਿਸੇ ਨੂੰ ਹੈਰਾਨ ਕਰ ਸਕਦਾ ਹੈ, ਇਹ ਕੁੱਲ ਅਰਜ਼ੀਆਂ ਦੇ 50% ਨਾਲੋਂ ਵੀ ਵੱਧ ਹੈ।
ਵੀਜ਼ਾ ਅਸਵੀਕਾਰ ਹੋਣ ਦੀ ਦਰ ‘ਚ ਤੇਜ਼ੀ ਨਾਲ ਵਾਧਾ
ਅੰਕੜਿਆਂ ਮੁਤਾਬਕ, 2023 ਵਿੱਚ 18 ਲੱਖ ਵੀਜ਼ਾ ਅਰਜ਼ੀਆਂ ਨੂੰ ਠੁਕਰਾਇਆ ਗਿਆ ਸੀ, ਪਰ 2024 ‘ਚ ਇਹ ਅੰਕੜਾ ਹੋਰ ਵੀ ਵਧ ਗਿਆ ਹੈ ਤੇ ਇਹ ਸਿਰਫ਼ ਸ਼ੁਰੂਆਤ ਹੋ ਸਕਦੀ ਹੈ। ਕੈਨੇਡਾ ਦੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਸਿਹਤ ਸੰਭਾਲ ਅਤੇ ਰਿਹਾਇਸ਼ ਦੇ ਸੰਕਟ ਕਾਰਨ ਵਿਦੇਸ਼ੀਆਂ ਦੀ ਗਿਣਤੀ ‘ਚ ਵੱਡੀ ਕਟੌਤੀ ਲਿਆਉਣੀ ਪਵੇਗੀ।
ਵਿਜ਼ਟਰ ਵੀਜ਼ਾ ਅਸਵੀਕਾਰ ਦਰ 54 ਫੀਸਦ ਤੱਕ ਪਹੁੰਚ ਚੁੱਕੀ, ਜਦ ਕਿ 2023 ਵਿੱਚ ਇਹ 40 ਫੀਸਦੀ ਸੀ। ਇਹ ਦਰ ਹਾਲੇ ਹੋਰ ਵਧ ਸਕਦੀ ਹੈ!
ਵਿਦਿਆਰਥੀ ਪਰਮਿਟ ਵੀਜ਼ਾ ਰੱਦ ਹੋਣ ਦੀ ਦਰ 52 ਫੀਸਦ ਹੋ ਗਈ, ਜੋ ਕਿ ਪਿਛਲੇ ਸਾਲ 38 ਫੀਸਦ ਸੀ। ਇਹ ਸਿੱਧਾ-ਸਿੱਧਾ ਵਿਦੇਸ਼ੀ ਵਿਦਿਆਰਥੀਆਂ ਲਈ ਇੱਕ ਚਿਤਾਵਨੀ ਹੈ!
2025 ਤੋਂ ਹੋਰ ਵੱਡੇ ਨਵੇਂ ਨਿਯਮ!
2025-2027 ਵਿੱਚ, ਕੈਨੇਡਾ ਨੇ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ 20 ਫੀਸਦ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਹੁਣ, ਸਿਰਫ 395,000 ਨਵੇਂ ਆਉਣ ਵਾਲਿਆਂ ਨੂੰ ਹੀ PR ਮਿਲੇਗੀ। ਇਹ ਪਹਿਲਾਂ ਨਾਲੋਂ ਕਿਤੇ ਘੱਟ ਹੈ।
ਕੈਨੇਡੀਅਨ ਸਰਕਾਰ ਨੇ ਆਪਣੀ ਨੀਤੀ ਸਖ਼ਤ ਕਰ ਦਿੱਤੀ ਹੈ। ਵਿਦੇਸ਼ੀ ਵਿਦਿਆਰਥੀ ਹੋਣ ਜਾਂ ਵਰਕ ਪਰਮਿਟ ਲੈਣ ਦੀ ਉਮੀਦ ਰੱਖਣ ਵਾਲੇ ਹੁਣ ਇਕ ਵੱਡੀ ਚੁਣੌਤੀ ਸਾਹਮਣੇ ਖੜ੍ਹੇ ਹਨ। ਇਹ ਰੁਝਾਨ ਸਿਰਫ਼ ਕੈਨੇਡਾ ਤੱਕ ਸੀਮਤ ਨਹੀਂ ਯੂ.ਕੇ., ਅਮਰੀਕਾ, ਤੇ ਆਸਟ੍ਰੇਲੀਆ ਵੀ ਹੁਣ ਵਿਦਿਆਰਥੀ ਦਾਖਲਿਆਂ ‘ਤੇ ਨਵੀਆਂ ਪਾਬੰਦੀਆਂ ਲਗਾ ਰਹੇ।