ਸਰੀ : ਵੈਨਕੂਵਰ ਪੁਲਿਸ ਨੇ ਬੀਤੀ 22 ਜੁਲਾਈ ਦੀ ਸ਼ਾਮ ਨੂੰ ਸਾਊਥ ਵੈਨਕੂਵਰ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ‘ਚ ਇੱਕ 21 ਸਾਲਾ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਕਤ ਨੌਜਵਾਨ ਦੀ ਪੁਸ਼ਟੀ ਜਸਪਾਲ ਢਿੱਲੋਂ ਦੇ ਰੂਪ ‘ਚ ਕੀਤੀ ਹੈ।
ਵੈਨਕੂਵਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 22 ਜੁਲਾਈ ਦੀ ਸ਼ਾਮ ਨੂੰ 9.45 ਵਜੇ ਪੁਲਿਸ ਨੂੰ ਸਾਊਥ ਵੈਨਕੂਵਰ ਵਿਖੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ ਕਿ ਈਸਟ 53 ਐਵੀਨਿਊ ਅਤੇ ਸੋਫੀਆ ਸਟ੍ਰੀਟ ਤੇ ਇੱਕ ਆਦਮੀ ਉਪਰ ਫਾਇਰਿੰਗ ਕੀਤੀ ਗਈ ਹੈ। ਇਸ ਘਟਨਾ ‘ਚ ਇੱਕ ਵਿਅਕਤੀ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਪੁਲਿਸ ਵੱਲੋਂ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਸੀ।
ਇਸ ਘਟਨਾ ਦੇ ਸਬੰਧ ਵੈਨਕੂਵਰ ਪੁਲਿਸ ਦੇ ਮੇਜਰ ਕਰਾਈਮ ਸੈਕਸ਼ਨ ਦੀ ਟੀਮ ਵੱਲੋਂ ਜਸਪਾਲ ਢਿੱਲੋਂ (21) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਜਸਪਾਲ ਢਿੱਲੋਂ ਉਪਰ ਹਥਿਆਰ ਰੱਖਣ ਸਮੇਤ ਕਈ ਦੋਸ਼ ਆਇਦ ਕੀਤੇ ਗਏ ਹਨ ਅਤੇ ਉਸ ਨੂੰ ਵੈਨਕੂਵਰ ਜੇਲ੍ਹ ‘ਚ ਹਿਰਾਸਤ ਵਿਚ ਰੱਖਿਆ ਗਿਆ ਹੈ।