ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਸਰਕਾਰ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਫੈਲਣ ਨੂੰ ਹੌਲੀ ਕਰਨ ਲਈ ਨਵੇਂ ਉਪਾਵਾਂ ‘ਤੇ ਵਿਚਾਰ ਕਰ ਰਹੀ ਹੈ। ‘ਓਮੀਕਰੋਨ ਵੇਰੀਐਂਟ’, ਵਾਇਰਸ ਦਾ ਉਹ ਰੂਪ ਜੋ ਵਾਇਰਸ ਦੇ ਪਿਛਲੇ ਰੂਪਾਂ ਨਾਲੋਂ ਵਧੇਰੇ ਛੂਤਕਾਰੀ ਹੋ ਸਕਦਾ ਹੈ।
ਪਾਰਲੀਮੈਂਟ ਹਿੱਲ ‘ਤੇ ਆਪਣੀ ਕੈਬਨਿਟ ਨਾਲ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ, ਟਰੂਡੋ ਨੇ ਕਿਹਾ ਕਿ “ਸਰਕਾਰ ਓਮੀਕਰੋਨ ‘ਤੇ ਬਹੁਤ ਨੇੜਿਓਂ ਅਤੇ ਪੂਰੀ ਨਜ਼ਰ ਰੱਖ ਰਹੀ ਹੈ।”
ਟਰੂਡੋ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਵਾਇਰਸ ਤੋਂ ਬਚਾਅ ਲਈ ਭਾਵੇਂ ਕੈਨੇਡਾ ਨੇ ਬਹੁਤ ਮਜ਼ਬੂਤ ਸਰਹੱਦੀ ਉਪਾਅ ਲਾਗੂ ਕੀਤੇ ਹਨ – ਸਾਨੂੰ ਕੈਨੇਡਾ ਆਉਣ ਲਈ ਵੈਕਸੀਨੇਸ਼ਨ ਜ਼ਰੂਰੀ ਹੈ, ਸਾਨੂੰ ਰਵਾਨਗੀ ਤੋਂ ਪਹਿਲਾਂ ਦੇ ਟੈਸਟਾਂ ਦੀ ਲੋੜ ਹੈ, ਸਾਨੂੰ ਪਹੁੰਚਣ ‘ਤੇ ਟੈਸਟ ਕਰਨ ਦੀ ਲੋੜ ਹੈ – ਹੋ ਸਕਦਾ ਹੈ ਕਿ ਇਸ ਬਾਰੇ ਸਾਨੂੰ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ, ਅਸੀਂ ਇਸ ਬਾਰੇ ਬਹੁਤ ਸਾਵਧਾਨੀ ਨਾਲ ਦੇਖਾਂਗੇ।”
ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਓਮੀਕਰੋਨ ਵੇਰੀਐਂਟ ਦੇ ਪੰਜ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਬਾਅਦ ਕੈਨੇਡਾ ਸਰਕਾਰ ‘ਤੇ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਦਾ ਦਬਾਅ ਬਣਿਆ ਹੋਇਆ ਹੈ।