ਪੰਜਾਬ ਤੋਂ ਬਾਅਦ ਕੈਨੇਡਾ ‘ਚ ਵੀ ਹੜ੍ਹਾਂ ਵਰਗੇ ਹਾਲਾਤ

Prabhjot Kaur
2 Min Read

ਲੰਦਨ: ਅਮਰੀਕਾ ਅਤੇ ਕੈਨੇਡਾ ‘ਚ ਮੌਸਮ ਦਾ ਕਹਿਰ ਜਾਰੀ ਹੈ ਅਤੇ ਝੱਖੜ, ਗੜੇਮਾਰੀ ਤੇ ਭੀਰ ਮੀਂਹ ਕਾਰਨ ਭਾਰੀ ਨੁਕਸਾਨ ਹੋਣ ਦੀ ਰਿਪੋਰਟ ਹੈ। ਓਨਟਾਰੀਓ ਦੀ ਲੈਬਟਨ ਕਾਊਂਟੀ ਵਿਚ ਹਵਾਵਾਂ ਦੀ ਰਫਤਾਰ ਐਨੀ ਜ਼ਿਆਦਾ ਰਹੀ ਕਿ ਵੱਡੇ ਵੱਡੇ ਦਰੱਖਤ ਜੜੋਂ ਪੁੱਟੇ ਗਏ ਅਤੇ ਸੜਕਾਂ ‘ਤੇ ਹਰ ਪਾਸੇ ਮਲਬਾ ਨਜ਼ਰ ਆ ਰਿਹਾ ਸੀ। ਲੰਦਨ ਵਿਖੇ ਗੜੇਮਾਰੀ ਹੋਣ ਅਤੇ ਹੈਲੀਫੋਕਸ ਵਿਖੇ ਭਾਰੀ ਮੀਂਹ ਕਾਰਨ ਹੜਾਂ ਵਰਗੇ ਹਾਲਾਤ ਬਣ ਗਏ।

ਉੱਧਰ ਅਮਰੀਕਾ ਦੇ ਉਤਰੀ ਰਾਜਾਂ ‘ਚ ਮੁੜ ਭਾਰੀ ਮੀਂਹ ਪੈਣ ਅਤੇ ਤੇਜ਼ ਹਨੇਰੀ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦਾ ਜ਼ਿਕਰ ਕੀਤਾ ਜਾਵੇ ਤਾਂ ਵਿੰਡਸਰ ਅਸੈਕਸ ਤੋਂ ਲੈਂਬਟਨ ਕਾਊਂਟੀ ਤੱਕ ਝੱਖੜ ਨੇ ਤਬਾਹੀ ਮਚਾ ਦਿਤੀ ਅਤੇ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਭਾਰੀ ਦਰੱਖਤਾਂ ਹੇਠ ਦਬ ਗਈਆਂ। ਹਜ਼ਾਰਾਂ ਘਰਾਂ ਦੀ ਬਿਜਲੀ ਗੁਲ ਹੋ ਗਈ ਅਤੇ ਲੋਕਾਂ ਆਪਣੀ ਜਾਨ ਖਤਰੇ ਵਿਚ ਮਹਿਸੂਸ ਹੋਣ ਲੱਗੀ। ਕੁਝ ਲੋਕਾਂ ਨੂੰ ਲੱਗਿਆ ਕਿ ਵਾਵਰੋਲਾ ਆ ਗਿਆ ਹੈ ਅਤੇ ਹੁਣ ਕੁਝ ਨਹੀਂ ਬਚੇਗਾ। ਇਕ ਔਰਤ ਨੇ ਦੱਸਿਆ ਕਿ ਉਸਦੇ ਸ਼ੈੱਡ ਦਾ ਦਰਵਾਜ਼ਾ ਘਰ ਤੋਂ 150 ਮੀਟਰ ਦੂਰ ਮਿਲਿਆ ਜਿਸ ਨੂੰ ਤੇਜ਼ ਹਵਾਵਾਂ ਉਡਾ ਕੇ ਲੈ ਗਈਆਂ। ਹਵਾਵਾਂ ਦੀ ਰਫ਼ਤਾਰ ਐਨੀ ਜ਼ਿਆਦਾ ਸੀ ਕਿ ਮਾਲ ਗੱਡੀ ਲੰਘਣ ਵਾਂਗ ਆਵਾਜ ਆ ਰਹੀ ਸੀ। ਇਲਾਕੇ ‘ਚ ਤਕਰੀਬਨ ਹਰ ਘਰ ਦਾ ਨੁਕਸਾਨ ਹੋਇਆ ਹੈ ਅਤੇ ਵੱਡੇ ਤੋਂ ਵੱਡੇ ਦਰੱਖਤ ਧਰਤੀ ‘ਤੇ ਡਿੱਗ ਗਏ। ਕਈ ਥਾਵਾਂ ਤੇ ਦਰੱਖਤ ਡਿੱਗਣ ਕਾਰਨ ਘਰਾਂ ਦਾ ਨੁਕਸਾਨ ਹੋਇਆ ਜਦਕਿ ਕਈ ਥਾਵਾਂ ‘ਤੇ ਗੱਡੀਆਂ ਦਬ ਗਈਆਂ।

ਵਾ ਸਕੋਸ਼ੀਆ ਦੇ ਹੈਲੀਫੋਕਸ ਸ਼ਹਿਰ ਦਾ ਜ਼ਿਕਰ ਕੀਤਾ ਜਾਵੇ ਤਾਂ ਸ਼ੁੱਕਰਵਾਰ ਬਾਅਦ ਦੁਪਹਿਰ ਤਕਰੀਬਨ ਸਾਢੇ ਤਿੰਨ ਸ਼ੁਰੂ ਹੋਈ ਬਾਰਸ਼ ਨੇ 4 ਵਜੇ ਤੱਕ ਹਰ ਪਾਸੇ ਜਲ-ਥਲ ਕਰ ਦਿੱਤਾ। ਰਾਤ 10 ਵਜੇ ਤੱਕ ਹਾਲਾਤ ਐਨੇ ਵਿਗੜ ਗਏ ਕਿ ਹੈਲੀਫੈਕਸ ਰੀਜਨਲ ਮਿਊਂਸਪੈਲਿਟੀ ਵੱਲੋਂ ਐਮਰਜੰਸੀ ਐਲਰਟ ਜਾਰੀ ਕਰ ਦਿੱਤਾ ਗਿਆ। ਪੁਲਿਸ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment