ਟੋਰਾਂਟੋ: ਕੈਨੇਡਾ ‘ਚ ਇੱਕ ਵਾਰ ਫਿਰ ਸੈਂਕੜੇ ਬੱਚਿਆਂ ਦੀਆਂ ਅਣਪਛਾਤੀਆਂ ਕਬਰਾਂ ਮਿਲੀਆਂ ਹਨ। ਓਨਟਾਰੀਓ ਦੇ ਕੈਨੋਰਾ ਇਲਾਕੇ ਵਿੱਚ ਬੰਦ ਹੋ ਚੁੱਕੇ ਸੈਂਟ ਮੈਰੀ ਰੈਜ਼ੀਡੈਂਸ਼ੀਅਲ ਨਾਲ ਸਬੰਧਤ ਕਬਰਸਤਾਨ ‘ਚ ਬੱਚਿਆਂ ਦੀਆਂ ਕਬਰਾਂ ਹੋਣ ਬਾਰੇ ਜਾਣਕਾਰੀ ਸਥਾਨਕ ਕਬੀਲੇ ਵੱਲੋਂ ਜਨਤਕ ਕੀਤੀ ਗਈ ਹੈ।
ਨੈਸ਼ਨਲ ਸੈਂਟਰ ਫੌਰ ਟਰੂਥ ਐਂਡ ਰੀਕੌਂਸੀਲੀਏਸ਼ਨ ਮੁਤਾਬਕ ਰੋਮਨ ਕੈਥੋਲਿਕ ਚਰਚ ਵੱਲੋਂ ਸੈਂਟ ਮੇਰੀ ਰੈਜ਼ੀਡੈਂਸ਼ੀਅਲ ਸਕੂਲ 1897 ਤੋਂ 1972 ਤੱਕ ਚਲਾਇਆ ਗਿਆ ਅਤੇ ਘੱਟੋ-ਘੱਟ 36 ਵਿਦਿਆਰਥੀਆਂ ਦੀ ਪੜ੍ਹਾਈ ਦੌਰਾਨ ਮੌਤ ਹੋਈ। ਸਕੂਲ ‘ਚ ਪੜ੍ਹਨ ਵਾਲੇ ਇੱਕ ਵਿਅਕਤੀ ਦੇ ਪੁੱਤਰ ਨੇ ਦੱਸਿਆ ਕਿ ਉਸ ਦਾ ਪਿਤਾ ਸਕੂਲ ‘ਚੋਂ ਜਿਊਂਦਾ ਵਾਪਸ ਤਾਂ ਆ ਗਿਆ ਪਰ ਉਨ੍ਹਾਂ ਵੱਲੋਂ ਹੰਢਾਏ ਦਰਦ ਨੂੰ ਪੂਰਾ ਪਰਿਵਾਰ ਅੱਜ ਤੱਕ ਮਹਿਸੂਸ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਮੂਲ ਬਾਸ਼ਿੰਦਿਆਂ ਦੇ ਕਬੀਲੇ ਵੱਲੋਂ ਮੰਗਲਵਾਰ ਨੂੰ ਫੈਡਰਲ ਮੰਤਰੀ ਪੈਟੀ ਹਾਇਦੂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਓਨਟਾਰੀਓ ਮੂਲ ਬਾਸ਼ਿੰਦਿਆਂ ਬਾਰੇ ਮੰਤਰੀ ਗ੍ਰੇਗ ਰਿਕਫੋਰਡ ਵੀ ਹਜ਼ਾਰ ਸਨ। ਮੂਲ ਬਾਸ਼ਿੰਦਿਆਂ ਨੇ ਕਿਹਾ ਕਿ ਭਾਵੇਂ ਸੁਲ੍ਹਾ ‘ਤੇ ਜ਼ੋਰ ਦਿਤਾ ਜਾ ਰਿਹਾ, ਪਰ ਇਸ ਪ੍ਰਕਿਰਿਆ ਤਹਿਤ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਲਗਾਤਾਰ ਫੰਡਾਂ ਦੀ ਜ਼ਰੂਰਤ ਹੋਵੇਗੀ।
ਦੱਸ ਦੇਈਏ ਕਿ ਕੈਨੇਡਾ ਵਿਚ 140 ਸਾਲ ਤੋਂ ਵੱਧ ਸਮੇਂ ਦੌਰਾਨ 150 ਤੋਂ ਵੱਧ ਰਿਹਾਇਸ਼ੀ ਸਕੂਲ ਚਲਾਏ ਗਏ ਅਤੇ ਆਖਰੀ ਸਕੂਲ 1990 ਦੇ ਦਹਾਕੇ ਵਿਚ ਬੰਦ ਹੋਇਆ ਜੋ ਸਸਕੈਚਵਨ ਵਿਖੇ ਚੱਲ ਰਿਹਾ ਸੀ। ਤਕਰੀਬਨ ਡੇਢ ਲੱਖ ਬੱਚਿਆਂ ਨੂੰ ਮੂਲ ਬਾਸ਼ਿੰਦਿਆਂ ਦੇ ਘਰਾਂ ਵਿਚੋਂ ਜ਼ਬਰਦਸਤੀ ਸਕੂਲਾਂ ਵਿਚ ਲਿਜਾਇਆ ਗਿਆ। ਮਈ 2021 ਵਿਚ ਪਹਿਲੀ ਵਾਰ ਬੀ.ਸੀ. ਦੇ ਕੈਮਲੂਪਸ ਇਲਾਕੇ ਦੇ ਇਕ ਸਾਬਕਾ ਰਿਹਾਇਸ਼ੀ ਸਕੂਲ ਵਿਚ 200 ਬੱਚਿਆਂ ਦੀਆਂ ਕਬਰਾਂ ਦੀ ਸ਼ਨਾਖ਼ਤ ਕੀਤੀ ਗਈ ਅਤੇ ਇਸ ਮਗਰੋਂ ਪੂਰੇ ਕੈਨੇਡਾ ਵਿਚ ਹਜ਼ਾਰਾਂ ਕਬਰਾਂ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ।