ਓਟਾਵਾ : ਕੈਨੇਡਾ ਦੀ 44ਵੀਂ ਸੰਸਦ ਲਈ 20 ਸਤੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਸੱਤਾਧਾਰੀ ਅਤੇ ਵਿਰੋਧੀ ਧਿਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ। ਉਮੀਦਵਾਰਾਂ ਵਲੋਂ ਲਗਾਤਾਰ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਪੰਜਾਬੀ ਚਿਹਰੇ ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਅਪਣੀ ਕਿਸਮਤ ਅਜ਼ਮਾ ਰਹੇ ਹਨ। ਵਿਸ਼ੇਸ਼ ਗੱਲ ਇਹ ਕਿ 338 ਮੈਂਬਰੀ ਸੰਸਦ ਲਈ ਹੋਣ ਵਾਲੀਆਂ ਇਹਨਾਂ ਚੋਣਾਂ ਵਿਚ 21 ਪੰਜਾਬਣ ਮੁਟਿਆਰਾਂ ਮੈਦਾਨ ਵਿੱਚ ਡਟ ਚੁੱਕੀਆਂ ਹਨ।
ਇਹਨਾਂ ਵਿਚ ਜਸਵੀਨ ਰਤਨ, ਮੇਢਾ ਜੋਸ਼ੀ, ਪ੍ਰੀਤੀ ਲਾਂਬਾ, ਅਨੀਤਾ ਅਨੰਦ, ਅੰਜੂ ਢਿੱਲੋਂ, ਰਾਜਪ੍ਰੀਤ ਤੂਰ, ਸਬੀਨਾ ਸਿੰਘ, ਸੁੱਖੀ ਜੰਡੂ, ਟੀਨਾ ਬੈਂਸ, ਇੰਦਰਾ ਬੈਂਸ, ਈਸ਼ਾ ਕੋਹਲੀ, ਜੱਗ ਸਹੋਤਾ, ਬਰਦੀਸ਼ ਚੱਗਰ, ਗੁਨੀਤ ਗਰੇਵਾਲ, ਕਮਲ ਖਹਿਰਾ, ਲਖਵਿੰਦਰ ਝੱਜ, ਨਰਵੀਨ ਗਿੱਲ, ਰੂਬੀ ਸਹੋਤਾ, ਸਰਬੀਨਾ ਗਰੋਵਰ, ਸੋਨੀਆ ਸਿੱਧੂ 44ਵੀਂ ਸੰਸਦ ਵਿਚ ਜਾਣ ਲਈ ਚੋਣ ਮੈਦਾਨ ਵਿਚ ਹਨ।
ਦੱਸ ਦਈਏ ਕਿ ਇਹਨਾਂ ਵਿਚੋਂ ਅਨੀਤਾ ਅਨੰਦ, ਬਰਦੀਸ਼ ਚੱਗਰ, ਅੰਜੂ ਢਿੱਲੋਂ, ਸੋਨੀਆ ਸਿੱਧੂ, ਜੱਗ ਸਹੋਤਾ, ਕਮਲ ਖਹਿਰਾ ਤੇ ਰੂਬੀ ਸਹੋਤਾ 43ਵੀਂ ਸੰਸਦ ਦੀਆਂ ਚੋਣਾਂ ਵਿਚ ਚੁਣੀਆਂ ਗਈਆਂ ਸਨ, ਜੋ ਕਿ ਫਿਰ ਤੋਂ ਚੋਣ ਮੈਦਾਨ ਵਿਚ ਹਨ। ਅਨੀਤਾ ਅਨੰਦ ਓਕਵਿਲ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਹੈ।
ਕੈਲਗਰੀ ਸਕਾਈਵਿਊ ਰਾਈਡਿੰਗ (ਹਲਕਾ) ਬਣਿਆ ਪੰਜਾਬੀਆਂ ਦਾ ਸਿਆਸੀ ਅਖਾੜਾ
ਕੈਲਗਰੀ ਸਕਾਈਵਿਊ ਹਲਕਾ ਖਾਸ ਬਣ ਚੁੱਕਾ ਹੈ ਕਿਉਂਕਿ ਇਸ ਹਲਕੇ ਵਿੱਚ ਮੁੱਖ ਮੁਕਾਬਲਾ 4 ਪੰਜਾਬੀ ਉਮੀਦਵਾਰਾਂ ਵਿਚਾਲੇ ਹੈ। ਇੱਥੋਂ ਐਡਵੋਕੇਟ ਜਗਦੀਪ ਕੌਰ ਸਹੋਤਾ-ਕੰਜ਼ਰਵੇਟਿਵ, ਜਾਰਜ ਚਾਹਲ-ਲਿਬਰਲ, ਗੁਰਿੰਦਰ ਸਿੰਘ ਗਿੱਲ-ਐਨਡੀਪੀ ਅਤੇ ਹੈਰੀ ਢਿੱਲੋਂ-ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਚੋਣ ਲੜ ਰਹੇ ਹਨ। ਇਸ ਹਲਕੇ ਤੋਂ ਪਿਛਲੀ ਚੋਣ ਜਗਦੀਪ ਕੌਰ ਸਹੋਤਾ-ਕੰਜ਼ਰਵੇਟਿਵ ਨੇ ਜਿੱਤੀ ਸੀ।
ਪ੍ਰਧਾਨ ਮੰਤਰੀ ਬਣਨ ਲਈ ਇਸ ਵਾਰ ਲਿਬਰਲ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਆਗੂ ਐਰਨ ਓ ਟੂਲ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਬਲਾਕ ਕਿਊਬਿਕ ਦੇ ਵੇਅਸ ਫਰਾਂਸਿਕ, ਗਰੀਨ ਪਾਰਟੀ ਦੇ ਆਗੂ ਅਨੈਮੀ ਪਾਲ, ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਆਗੂ ਮੈਕਸੀਅਮ ਬਰਨੀਅਰ ਵਿਚਾਲੇ ਮੁਕਾਬਲਾ ਹੋਵੇਗਾ।