ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਹੁਦਾ ਸੰਭਾਲਦਿਆਂ ਹੀ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ਹੁੰਦੇ ਸਾਮਾਨ ’ਤੇ 25 ਫ਼ੀਸਦੀ ਟੈਕਸ ਲਾਉਣ ਦੇ ਐਲਾਨ ਤੋਂ ਬਾਅਦ ਕੈਨੇਡਾ ਨੇ ਪੂਰਬ ਤੋਂ ਪੱਛਮ ਤੱਕ ਅਮਰੀਕਾ ਨਾਲ ਜੁੜਦੀ 8891 ਕਿਲੋਮੀਟਰ ਲੰਮੀ ਸਰਹੱਦ ’ਤੇ ਸਖ਼ਤੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਸਰਹੱਦ ਤੋਂ ਆਰ-ਪਾਰ ਜਾਣ ਲਈ ਛੋਟੇ-ਵੱਡੇ 100 ਦੇ ਕਰੀਬ ਪ੍ਰਵਾਨਿਤ ਲਾਂਘੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਇਸ ਵਾਸਤੇ ਵਾਧੂ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਦੱਸ ਦਈਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਦੋਵਾਂ ਗੁਆਂਢੀ ਮੁਲਕਾਂ ਨਾਲ ਜੁੜਦੀਆਂ ਸਰਹੱਦਾਂ ’ਤੇ ਸਖ਼ਤੀ ਨਾ ਹੋਣ ਕਾਰਨ ਗਲਤ ਅਨਸਰ ਤੇ ਸਾਮਾਨ ਅਮਰੀਕਾ ’ਚ ਦਾਖ਼ਲ ਹੁੰਦਾ ਹੈ, ਜਿਸ ’ਤੇ ਰੋਕ ਲੱਗਣੀ ਜ਼ਰੂਰੀ ਹੈ। ਉਨ੍ਹਾਂ ਸਖ਼ਤੀ ਨਾ ਹੋਣ ਦਾ ਠੀਕਰਾ ਕੈਨੇਡਾ ਅਤੇ ਮੈਕਸੀਕੋ ਸਿਰ ਭੰਨਿਆ ਸੀ। ਬਰਾਮਦ ਟੈਕਸ ਵਿੱਚ ਵਾਧਾ ਕੈਨੇਡਾ ਦੀ ਸਨਅਤ ਲਈ ਘਾਤਕ ਸਾਬਤ ਹੋ ਸਕਦਾ ਹੈ। ਕੈਨੇਡਾ ਵੱਲੋਂ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਜਿੰਮੇ ਹੁੰਦੀ ਹੈ, ਜਿਸਦੀ ਨਫ਼ਰੀ ਤੇ ਸਾਜੋ ਸਾਮਾਨ ਵਿੱਚ ਵਾਧੇ ਲਈ ਕੇਂਦਰ ਨੇ ਹੋਰ ਫੰਡ ਜਾਰੀ ਕਰਨ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਟਰੂਡੋ ਵੱਲੋਂ ਸੂਬਾਈ ਮੁੱਖ ਮੰਤਰੀਆਂ ਨਾਲ ਕੀਤੀ ਗਈ ਮੀਟਿੰਗ ਵਿੱਚ ਉਨ੍ਹਾਂ ਨੂੰ ਸੁਚੇਤ ਕੀਤਾ ਗਿਆ ਕਿ ਦੋ ਮਹੀਨੇ ਬਾਅਦ ਅਮਰੀਕਨ ਰਾਸ਼ਟਰਪਤੀ ਦੇ ਕਿਸੇ ਫ਼ੈਸਲੇ ਤੋਂ ਪਹਿਲਾਂ ਸਖ਼ਤੀ ਦੇ ਨਤੀਜੇ ਸਾਹਮਣੇ ਲਿਆਉਣੇ ਪੈਣਗੇ। ਇਸ ਤੋਂ ਪਹਿਲਾਂ ਕੈਨੇਡਾ ਨੇ ਇਹ ਕਹਿ ਕੇ ਆਪਣੇ-ਆਪ ਨੂੰ ਸੁਰਖੁਰੂ ਕਰ ਲਿਆ ਸੀ ਕਿ ਅਮਰੀਕਾ ਵਿੱਚ ਸਰਹੱਦੀ ਨਾਜਾਇਜ਼ ਲਾਂਘੇ ਸਿਰਫ਼ ਮੈਕਸੀਕੋ ਵਾਲੇ ਪਾਸਿਓਂ ਹਨ, ਪਰ ਪਿਛਲੇ ਕੁਝ ਸਾਲਾਂ ਦੀਆਂ ਘਟਨਾਵਾਂ ਦੀ ਘੋਖ ਤੋਂ ਹਫ਼ਤੇ ਬਾਅਦ ਬੁੱਧਵਾਰ ਨੂੰ ਪ੍ਰੀਮੀਅਰਾਂ ਦੀ ਮੀਟਿੰਗ ਵਿੱਚ ਅਜਿਹਾ ਐਲਾਨ ਕੀਤੇ ਜਾਣ ’ਤੇ ਸਭ ਨੂੰ ਹੈਰਾਨੀ ਤਾਂ ਹੋਈ, ਪਰ ਇਸ ਨੂੰ ਚੰਗਾ ਫ਼ੈਸਲਾ ਮੰਨਿਆ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।