ਟੋਰਾਂਟੋ: ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਆਮਦ ਅਤੇ ਟੈਂਪਰੇਰੀ ਰੈਜ਼ਿਡੈਂਟ ਨਾਲ ਜੁੜੀਆਂ ਚੁਣੌਤੀਆਂ ‘ਤੇ ਨਿਯੰਤਰਣ ਲਈ, ਕੈਨੇਡੀਅਨ ਸਰਕਾਰ ਨੇ ਸਾਲ 2025 ਲਈ ਸਟੱਡੀ ਪਰਮਿਟ ਅਰਜ਼ੀਆਂ ਦੀ ਸੀਮਾ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਹੁਣ ਸਾਲ ’ਚ ਸਟੱਡੀ ਪਰਮਿਟ ਦੀ ਸੀਮਾ 505,162 ਦੀ ਹੋ ਗਈ ਹੈ। ਇਹ ਫੈਸਲਾ 22 ਜਨਵਰੀ ਤੋਂ 31 ਦਸੰਬਰ, 2025 ਤੱਕ ਲਾਗੂ ਰਹੇਗਾ। ਇਸ ਕਦਮ ਦੇ ਸੰਭਾਵੀ ਅੰਤਰਰਾਸ਼ਟਰੀ ਵਿਦਿਆਰਥੀਆਂ, ਵਿਦਿਅਕ ਸੰਸਥਾਵਾਂ ‘ਤੇ ਕਾਫ਼ੀ ਪ੍ਰਭਾਵ ਪੈਣ ਦੀ ਉਮੀਦ ਹੈ।
ਵਿਭਾਗ ਸਿਰਫ਼ ਸਟੱਡੀ ਪਰਮਿਟ ਅਰਜ਼ੀਆਂ ‘ਤੇ ਉਦੋਂ ਤੱਕ ਹੀ ਕਾਰਵਾਈ ਕਰੇਗਾ ਜਦੋਂ ਤੱਕ ਸੀਮਾ ਪੂਰੀ ਨਹੀਂ ਹੋ ਜਾਂਦੀ। ਇਸ ਤੋਂ ਬਾਅਦ ਕੋਈ ਵਾਧੂ ਸਟੱਡੀ ਪਰਮਿਟ ਅਰਜ਼ੀਆਂ ‘ਤੇ ਕਾਰਵਾਈ ਨਹੀਂ ਕੀਤੀ ਜਾਵੇਗੀ। ਸੀਮਾ ਪੂਰੀ ਹੋਣ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਬਿਨਾਂ ਪ੍ਰਕਿਰਿਆ ਕੀਤੇ ਵਾਪਸ ਕਰ ਦਿੱਤੀਆਂ ਜਾਣਗੀਆਂ ਅਤੇ ਸੰਬੰਧਿਤ ਫ਼ੀਸਾਂ ਵੀ ਵਾਪਸ ਕਰ ਦਿੱਤੀਆਂ ਜਾਣਗੀਆਂ।
ਹਦਾਇਤਾਂ ਦੇ ਅਨੁਸਾਰ, ਕੈਨੇਡਾ ਵਿੱਚ ਸੂਬਾਈ ਅਤੇ ਖੇਤਰੀ ਸਰਕਾਰਾਂ ਨੂੰ ਪਹਿਲਾਂ ਹੀ 505,162 ਸਟੱਡੀ ਪਰਮਿਟ ਅਰਜ਼ੀ ਪ੍ਰਕਿਰਿਆ ਦੇ ਟੀਚੇ ਦੇ ਆਧਾਰ ‘ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅਲਾਟਮੈਂਟ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਟੱਡੀ ਪਰਮਿਟ ਅਰਜ਼ੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ ਇਹਨਾਂ ਸ਼ਰਤਾਂ ਅਤੇ ਅਰਜ਼ੀ ਸੀਮਾ ਤੋਂ ਬਾਹਰ ਰੱਖਿਆ ਗਿਆ ਹੈ।
ਫੈਡਰਲ ਸਰਕਾਰ ਸਟੱਡੀ ਪਰਮਿਟ ਕੈਪ ਇਸ ਲਈ ਲਾਗੂ ਕਰ ਰਹੀ ਹੈ ਤਾਂ ਜੋ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵਾਧੇ ਨੂੰ ਰੋਕਿਆ ਜਾ ਸਕੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।