ਵੈਨਕੂਵਰ: ਕੈਲਗਰੀ ਵਿਖੇ ਇੱਕ ਔਰਤ ‘ਤੇ ਹੋਏ ਹਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇੱਕ ਬਜ਼ੁਰਗ ਸਿੱਖ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਜੋ ਸੰਭਾਵਤ ਤੌਰ ‘ਤੇ ਮੌਕੇ ‘ਤੇ ਮੌਜੂਦ ਸੀ ਅਤੇ ਸਾਰਾ ਘਟਨਾਕਰਮ ਉਸ ਦੀਆਂ ਅੱਖਾਂ ਸਾਹਮਣੇ ਵਾਪਰਿਆ।
ਦੂਜੇ ਪਾਸੇ ਵੈਨਕੂਵਰ ਵਿਖੇ ਇੱਕ ਕੌਫੀ ਸ਼ੌਪ ਵਿੱਚ ਬੈਠੇ ਮੁਸਲਮਾਨ ‘ਤੇ ਥੁੱਕਣ ਵਾਲੀ ਔਰਤ ਦੀ ਵੀਡੀਓ ਜਾਰੀ ਕਰ ਦਿੱਤੀ ਗਈ ਹੈ। ਜਿਸ ਨੇ ਸੰਭਾਵਤ ਤੌਰ ‘ਤੇ ਨਸਲੀ ਨਫ਼ਰਤ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਵੈਨਕੂਵਰ ਪੁਲਿਸ ਨੇ ਦੱਸਿਆ ਕਿ ਕੌਫ਼ੀ ਸ਼ੌਪ ਵਿੱਚ ਬੈਠਾ 38 ਸਾਲਾ ਵਿਅਕਤੀ ਆਪਣੇ ਦੋਸਤਾਂ ਨਾਲ ਤਾਸ਼ ਖੇਡਦਾ ਅਰਬੀ ਭਾਸ਼ਾ ‘ਚ ਗੱਲਾਂ ਕਰ ਰਿਹਾ ਸੀ ਅਤੇ ਇਸ ਦੌਰਾਨ ਇੱਕ ਗੋਰੀ ਔਰਤ ਆਈ ਅਤੇ ਉਸ ਦੇ ਚਿਹਰੇ ‘ਤੇ ਥੁੱਕ ਕੇ ਚਲੀ ਗਈ। ਕਾਂਸਟੇਬਲ ਤਾਨੀਆ ਵਿਜ਼ਨਟਿਨ ਨੇ ਦੱਸਿਆ ਕਿ ਇਹ ਬੇਹੱਦ ਘਿਨਾਉਣੀ ਹਰਕਤ ਸੀ ਅਤੇ ਕਿਸੇ ਨਾਲ ਉਸ ਦੇ ਧਰਮ ਜਾਂ ਭਾਸ਼ਾ ਦੇ ਆਧਾਰ `ਤੇ ਅਜਿਹਾ ਸਲੂਕ ਨਹੀਂ ਕੀਤਾ ਜਾ ਸਕਦਾ।
ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਕੌਫ਼ੀ ਸ਼ੋਪ ਵਿੱਚ ਬੈਠੇ ਵਿਅਕਤੀ ਬਾਰੇ ਨਸਲੀ ਟਿੱਪਣੀ ਵੀ ਕੀਤੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਤਸਵੀਰਾਂ ‘ਚ ਨਜ਼ਰ ਆ ਰਹੀ ਔਰਤ ਬਾਰੇ ਜਾਣਕਾਰੀ ਹੋਵੇ ਤਾਂ ਵੈਨਕੂਵਰ ਪੁਲਿਸ ਨਾਲ 604-717-4021 ‘ਤੇ ਸੰਪਰਕ ਕਰੇ। ਉੱਧਰ ਕੈਲਗਰੀ ਪੁਲਿਸ ਨੇ ਦੱਸਿਆ ਕਿ 4 ਅਪ੍ਰੈਲ ਨੂੰ ਸਵੇਰੇ ਲਗਭਗ ਸਵਾ 9 ਵਜੇ ਇੱਕ ਵਿਅਕਤੀ ਹਾਰਵੈਸਟ ਹਿਲਜ਼ ਕਮਿਊਨਿਟੀ ਦੀ ਇੱਕ ਰਿਹਾਇਸ਼ੀ ਇਮਾਰਤ ‘ਚ ਦਾਖ਼ਲ ਹੋਇਆ ਅਤੇ ਇੱਕ ਔਰਤ ‘ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਔਰਤ ਪੁਲਿਸ ਨੂੰ ਕਾਲ ਕਰਨ ‘ਚ ਸਫ਼ਲ ਰਹੀ ਪਰ ਪੁਲਿਸ ਅਫਸਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਵੱਲੋਂ ਇਲਾਕੇ ‘ਚ ਡਿਲੀਵਰੀ ਕਰ ਰਹੇ ਬਜ਼ੁਰਗ ਸਿੱਖ ਦੀਆਂ ਤਸਵੀਰਾਂ ਜਾਰੀ ਕਰਦਿਆਂ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਬਜ਼ੁਰਗ ਸਿੱਖ ਘਟਨਾ ਬਾਰੇ ਕਾਫ਼ੀ ਕੁਝ ਜਾਣਦਾ ਹੈ ਅਤੇ ਪੜਤਾਲ ‘ਚ ਮਦਦ ਮਿਲ ਸਕਦੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 403-266-1234 ‘ਤੇ ਕਾਲ ਕੀਤੀ ਜਾਵੇ।