ਫ਼ਤਹਿਗੜ੍ਹ ਸਾਹਿਬ : “ਬੇਸੱਕ ਲੰਮੇ ਸਮੇ ਤੋ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਨਾਲ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਧੋਖੇ ਫਰੇਬ ਕਰਦੇ ਆ ਰਹੇ ਬਾਦਲ ਦਲੀਆ ਨਾਲ ਸਾਡਾ ਕੋਈ ਸੰਬੰਧ ਨਹੀ, ਪਰ ਜਿਸ ਗੈਰ ਸਿਧਾਤਿਕ ਢੰਗ ਨਾਲ ਬਿਨ੍ਹਾਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋ ਬਾਦਲ ਦਲੀਆ ਨੇ ਸ. ਕਰਨੈਲ ਸਿੰਘ ਪੰਜੋਲੀ ਵਰਗੇ ਲੰਮੇ ਸਮੇ ਤੋ ਵੱਖ ਵੱਖ ਅਹੁਦਿਆ ਉਤੇ ਕੰਮ ਕਰਦੇ ਆ ਰਹੇ ਅਤੇ ਪੰਥਕ ਮੁੱਦਿਆ ਉਤੇ ਆਵਾਜ ਉਠਾਉਦੇ ਆ ਰਹੇ ਸ. ਪੰਜੋਲੀ ਨੂੰ ਪਾਰਟੀ ਵਿਚੋ ਬਾਹਰ ਕੀਤਾ ਹੈ, ਉਸ ਨਾਲ ਪੰਜੋਲੀ ਦੇ ਇਖਲਾਕ ਤੇ ਨਹੀ ਬਲਕਿ ਬਾਦਲ ਦਲੀਆ ਦੇ ਦਾਗੋ ਦਾਗ ਹੋਏ ਇਖਲਾਕ ਉਤੇ ਹੋਰ ਕਾਲਾ ਧੱਬਾ ਲੱਗ ਗਿਆ ਹੈ । ਜਿਨ੍ਹਾਂ ਨੇ ਅਜਿਹਾ ਕਰਦੇ ਹੋਏ ਪਾਰਟੀ ਨੀਤੀਆ ਤੇ ਨਿਯਮਾਂ ਅਨੁਸਾਰ ਸ. ਪੰਜੋਲੀ ਨੂੰ ਕਾਰਨ ਦੱਸੋ ਨੋਟਿਸ ਵੀ ਨਹੀ ਦਿੱਤਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਦਿਨ ਪਹਿਲੇ ਸ. ਕਰਨੈਲ ਸਿੰਘ ਪੰਜੋਲੀ ਨੂੰ ਬਾਦਲ ਦਲੀਆ ਵੱਲੋ ਆਪਣੀ ਪਾਰਟੀ ਵਿਚੋ ਬਰਖਾਸਤ ਕਰਨ ਦੇ ਅਪਣਾਏ ਗਏ ਗੈਰ ਸਿਧਾਤਿਕ ਢੰਗ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇ ਸ. ਕਰਨੈਲ ਸਿੰਘ ਪੰਜੋਲੀ ਲੰਮੇ ਸਮੇ ਤੋ ਸ. ਬਾਦਲ ਦੀ ਪਾਰਟੀ ਦਾ ਅੰਗ ਰਹੇ ਹਨ, ਪਰ ਜਦੋ ਵੀ ਖ਼ਾਲਸਾ ਪੰਥ ਸਾਹਮਣੇ ਕਿਸੇ ਤਰ੍ਹਾਂ ਦਾ ਵੀ ਪੰਥਕ ਗੰਭੀਰ ਮੁੱਦਾ ਆਇਆ ਤਾਂ ਸ. ਕਰਨੈਲ ਸਿੰਘ ਪੰਜੋਲੀ ਆਪਣੀ ਪਾਰਟੀ ਵਿਚ ਕੰਮ ਕਰਦੇ ਹੋਏ ਵੀ ਪੰਥਕ ਮੁੱਦਿਆ ਉਤੇ ਦ੍ਰਿੜਤਾ ਨਾਲ ਸਟੈਂਡ ਵੀ ਲੈਦੇ ਰਹੇ ਹਨ ਅਤੇ ਕੌਮ ਪੱਖੀ ਆਵਾਜ ਵੀ ਉਠਾਉਦੇ ਰਹੇ ਹਨ । ਉਨ੍ਹਾਂ ਕਿਹਾ ਕਿ ਜਦੋ ਅਸੀ ਇਸ ਵਾਰੀ 12 ਫਰਵਰੀ 2023 ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ 76ਵਾਂ ਜਨਮ ਦਿਨ ਸਾਨੋ ਸੌਂਕਤ ਨਾਲ ਫਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਤਾਂ ਸ. ਕਰਨੈਲ ਸਿੰਘ ਪੰਜੋਲੀ ਆਪਣੀ ਆਜਾਦੀ ਵਾਲੇ ਵਲਵਲਿਆ ਨੂੰ ਨਾ ਰੋਕ ਕੇ ਉਸ ਮਹਾਨ ਸਮਾਗਮ ਵਿਚ ਕੇਵਲ ਸਮੂਲੀਅਤ ਹੀ ਨਹੀ ਕੀਤੀ ਬਲਕਿ ਸਟੇਜ ਤੋ ਸੰਗਤ ਨਾਲ ਇਹ ਵੀ ਵਿਚਾਰ ਸਾਂਝੇ ਕੀਤੇ ਕਿ ਮੈ 20ਵੀ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋ ਕੌਮ ਨੂੰ ਮੁਸਕਿਲ ਦੇ ਸਮੇ ਵਿਚ ਦਿੱਤੀ ਗਈ ਦ੍ਰਿੜਤਾ ਭਰੀ ਅਗਵਾਈ ਅਤੇ ਉਨ੍ਹਾਂ ਵੱਲੋ ਕੌਮੀ ਆਜਾਦੀ ਦੇ ਮਿਸਨ ਲਈ ਦਿੱਤੀ ਗਈ ਸਹਾਦਤ ਨੂੰ ਨਤਮਸਤਕ ਹੁੰਦੇ ਹੋਏ ਉਨ੍ਹਾਂ ਦੀ ਸਖਸ਼ੀਅਤ ਦੇ ਵੱਡੇ ਸਤਿਕਾਰ ਨੂੰ ਮੁੱਖ ਰੱਖਕੇ ਨਿੱਜੀ ਤੌਰ ਤੇ ਇਸ ਸਮਾਗਮ ਵਿਚ ਸਾਮਿਲ ਹੋਇਆ ਹਾਂ ਕਿਸੇ ਧੜੇ ਵੱਲੋ ਨਹੀ । ਜਿਸ ਸਿਆਸੀ ਆਗੂ ਨੂੰ ਕੌਮ ਦੇ ਦਰਦ ਅਤੇ ਨਿਸਾਨੇ ਪ੍ਰਤੀ ਸੁਹਿਰਦਤਾ ਹੈ, ਜਿਸਦੀ ਸੇਵਾ ਵੀ ਲੰਮੀ ਹੈ, ਉਸਨੂੰ ਇਸ ਤਰ੍ਹਾਂ ਕਿਸੇ ਵੀ ਪਾਰਟੀ ਜਾਂ ਆਗੂ ਵੱਲੋ ਜਲਾਲਤ ਭਰੇ ਢੰਗ ਨਾਲ ਵਿਵਹਾਰ ਨਹੀ ਕਰਨਾ ਚਾਹੀਦਾ ਸੀ । ਭਾਵੇ ਇਹ ਮੁੱਦਾ ਬਾਦਲ ਦਲੀਆ ਦਾ ਅੰਦਰੂਨੀ ਮਾਮਲਾ ਹੈ, ਪਰ ਇਖਲਾਕੀ ਤੇ ਸਮਾਜਿਕ ਤੌਰ ਤੇ ਉਨ੍ਹਾਂ ਨੇ ਸ. ਪੰਜੋਲੀ ਨਾਲ ਅਜਿਹਾ ਵਿਵਹਾਰ ਕਰਕੇ ਆਪਣੇ ਬੀਤੇ ਸਮੇ ਦੇ ਦਾਗੀ ਤੇ ਫਰੇਬੀ ਇਖਲਾਕ ਨੂੰ ਹੋਰ ਦਾਗੋ ਦਾਗ ਕਰ ਦਿੱਤਾ ਹੈ ।