ਕਰੋੜਾਂ ਕੈਨੇਡਾ ਵਾਸੀਆਂ ਨੂੰ ਮਿਲੇਗਾ ਸਸਤੀ ਗਰੌਸਰੀ ਦਾ ਤੋਹਫਾ!

Prabhjot Kaur
2 Min Read

ਓਟਵਾ: ਮਹਿੰਗਾਈ ਨਾਲ ਜੂਝ ਰਹੇ ਕੈਨੇਡਾ ਵਾਸੀਆਂ ਨੂੰ ਸਸਤੀ ਗਰੋਸਰੀ ਦਾ ਤੋਹਫ਼ਾ ਮਿਲ ਸਕਦਾ ਹੈ। ਸੂਤਰਾਂ ਮੁਤਾਬਕ ਦੋ ਬੱਚਿਆਂ ਵਾਲੇ ਇੱਕ ਪਰਿਵਾਰ ਨੂੰ 467 ਡਾਲਰ ਅਤੇ ਇਕੱਲੇ ਤੌਰ ਤੇ ਰਹਿ ਰਹੇ ਵਿਅਕਤੀ ਨੂੰ 234 ਡਾਲਰ ਮਿਲਣਗੇ ਜਦਕਿ ਬਜ਼ੁਰਗਾਂ ਦੇ ਮਾਮਲੇ ਵਿੱਚ ਇਹ ਰਕਮ 225 ਡਾਲਰ ਹੋਵੇਗੀ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਇਹ ਐਲਾਨ ਅੱਜ ਪੇਸ਼ ਹੋਣ ਵਾਲੇ ਬਜਟ ‘ਚ ਕਰ ਸਕਦੇ ਹਨ।

ਇੱਕ ਰਿਪੋਰਟ ਮੁਤਾਬਕ ਘੱਟ ਆਮਦਨ ਵਾਲੇ ਇੱਕ ਕਰੋੜ 10 ਲੱਖ ਲੋਕਾਂ ਨੂੰ ਜੀ.ਐਸ.ਟੀ. ਰਿਆਇਤ ਦੇ ਰੂਪ ਵਿੱਚ ਇਹ ਰਕਮ ਮਿਲੇਗੀ। ਲਿਬਰਲ ਸਰਕਾਰ ਵੱਲੋਂ ਪੇਸ਼ਕਸ਼ ਕੀਤੀ ਰਕਮ ਪਿਛਲੇ ਸਾਲ ਦਿੱਤੀ ਜੀ.ਐਸ. ਟੀ. ਰਿਆਇਤ ਦਾ ਦੁੱਗਣਾ ਬਣਦੀ ਹੈ ਅਤੇ ਇਸ ਨਾਲ ਸਰਕਾਰ ਖਜ਼ਾਨੇ ‘ਤੇ ਢਾਈ ਅਰਬ ਡਾਲਰ ਦਾ ਬੋਝ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਜੀ.ਐਸ.ਟੀ. ਵਿਚ ਰਿਆਇਤ ਸਿਰਫ ਗਰੋਸਰੀ ਵਸਤਾਂ ਤੱਕ ਸੀਮਤ ਨਹੀਂ ਹੋਵੇਗੀ ਅਤੇ ਲੋਕ ਆਪਣੀ ਮਰਜ਼ੀ ਮੁਤਾਬਕ ਚੀਜ਼ਾਂ ਖਰੀਦ ਸਕਣਗੇ।

- Advertisement -

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮਹਿੰਗਾਈ ਦਰ ਭਾਵੇਂ ਹੇਠਾਂ ਆ ਰਹੀ ਹੈ ਪਰ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ‘ਤੇ ਕੋਈ ਫ਼ਰਕ ਨਹੀਂ ਪੈ ਰਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਪਾਰਲੀਮੈਂਟ ਹਿੱਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਰੌਸਰੀਜ਼, ਮਕਾਨ ਕਿਰਾਇਆ ਅਤੇ ਹੋਰ ਕਈ ਚੀਜ਼ਾਂ ਨੂੰ ਲੈ ਕੇ ਕੈਨੇਡਾ ਵਾਸੀ ਚਿੰਤਾਵਾਂ ‘ਚ ਡੁੱਬੇ ਹੋਏ ਹਨ ਜਿਸ ਨੂੰ ਵੇਖਦਿਆਂ ਬਜਟ ‘ਚ ਹਰ ਸੰਭਵ ਮਦਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਐਨ ਡੀ.ਪੀ. ਵੱਲੋਂ ਲੰਮੇ ਸਮੇਂ ਤੋਂ ਜੀ.ਐਸ.ਟੀ. ਰਿਆਇਤ ਦੁੱਗਣੀ ਕਰਨ ਦਾ ਸੱਦਾ ਦਿਤਾ ਜਾ ਰਿਹਾ ਸੀ ਅਤੇ ਹੁਣ ਇਹ ਸੰਭਵ ਹੁੰਦਾ ਮਹਿਸੂਸ ਹੋ ਰਿਹਾ ਹੈ।

ਕੈਨੇਡੀਅਨ ਮੀਡੀਆ ‘ਚ ਆਈਆਂ ਰਿਪੋਰਟਾਂ ਬਾਰੇ ਟਿੱਪਣੀ ਕਰਦਿਆਂ ਐਨ ਡੀ.ਪੀ. ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਇਸ ਕਿਸਮ ਦੀ ਰਾਹਤ ਮੰਗ ਰਹੀ ਸੀ। ਉਧਰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਪੁਰਾਣੀ ਰਵਾਇਤ ਦੀ ਪਾਲਣਾ ਕਰਦਿਆਂ ਬਜਟ ਮੌਕੇ ਪੈਰਾਂ ‘ਚ ਪਾਉਣ ਲਈ ਨਵੀਂ ਜੁੱਤੀ ਖਰੀਦਣ ਬਾਜ਼ਾਰ ਗਏ। ਇਸ ਵਾਰ ਫਰੀਲੈਂਡ ਨੇ ਕਾਲੇ ਰੰਗ ਦੀ ਉੱਚੀ ਅੱਡੀ ਵਾਲੀ ਜੁੱਤੀ ਖਰੀਦੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment