ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਸਥਿਤ ਬਰੌਂਕਸ ਵਿਖੇ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ 9 ਬੱਚਿਆਂ ਸਣੇ 19 ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਘਟਨਾ ‘ਚ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ ਤੇ ਘੱਟੋ-ਘੱਟ 32 ਲੋਕ ਹਸਪਤਾਲ ਵਿੱਚ ਦਾਖ਼ਲ ਹਨ।
ਜਾਣਕਾਰੀ ਮੁਤਾਬਕ ਇਮਾਰਤ ਦੀ ਦੂਜੀ ਅਤੇ ਤੀਜੀ ਮੰਜ਼ਿਲ ‘ਤੇ ਬਣੇ ਡੁਪਲੈਕਸ ਅਪਾਰਟਮੈਂਟ ‘ਚ ਸਵੇਰੇ 11 ਵਜੇ ਦੇ ਕਰੀਬ ਅੱਗ ਲੱਗੀ। ਅੱਗ ਲੱਗਣ ਤੋਂ ਬਾਅਦ 200 ਦੇ ਲਗਭਗ ਫਾਇਰ ਫਾਈਟਰਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ।
ਇਸ ਦੇ ਨਾਲ ਹੀ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਇਹ ਸਭ ਤੋਂ ਭਿਆਨਕ ਅੱਗ ਦੀਆਂ ਘਟਨਾਵਾਂ ਵਿੱਚੋਂ ਇੱਕ ਹੈ ਜੋ ਅਸੀਂ ਇੱਥੇ ਨਿਊਯਾਰਕ ਸਿਟੀ ਵਿੱਚ ਵੇਖੀਆਂ ਹਨ। ਨਾਲ ਹੀ ਕਿਹਾ ਕਿ ਇਹ ਨਿਊਯਾਰਕ ਸਿਟੀ ਲਈ ਇੱਕ ਡਰਾਉਣਾ ਅਤੇ ਦਰਦਨਾਕ ਪਲ ਹੈ। ਅੱਗ ਲੱਗਣ ਦਾ ਕਾਰਨ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਪਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਕੁਝ ਦਿਨ ਪਹਿਲਾਂ ਫਿਲਾਡੇਲਫੀਆ ‘ਚ ਇਕ ਘਰ ‘ਚ ਅੱਗ ਲੱਗਣ ਕਾਰਨ ਅੱਠ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ। ਘੱਟੋ-ਘੱਟ ਅੱਠ ਲੋਕ ਅੱਗ ਤੋਂ ਬਚਣ ਵਿੱਚ ਕਾਮਯਾਬ ਰਹੇ।