ਓਟਾਵਾ : ਕੈਨੇਡਾ ਵਿੱਚ ਫੈਡਰਲ ਚੋਣਾਂ ਦਾ ਐਲਾਨ ਹੋ ਗਿਆ ਹੈ। ਜਿਵੇਂ ਕਿ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੀਆਂ ਚੋਣਾਂ ਦਾ ਐਲਾਨ ਐਤਵਾਰ ਨੂੰ ਕਰ ਸਕਦੇ ਹਨ, ਹੋਇਆ ਵੀ ਬਿਲਕੁਲ ਇਸੇ ਤਰ੍ਹਾਂ ਹੀ। ਟਰੂਡੋ ਵਲੋਂ ਫੈਡਰਲ ਚੋਣਾਂ ਦੀ ਤਾਰੀਕ ਦਾ ਐਲਾਨ ਕੀਤਾ ਗਿਆ ਹੈ, ਚੋਣਾਂ 20 ਸਤੰਬਰ ਨੂੰ ਹੋਣਗੀਆਂ।
ਪ੍ਰਧਾਨ ਮੰਤਰੀ ਨੇ ਐਤਵਾਰ ਸਵੇਰੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕੀਤੀ। ਸਾਈਮਨ ਨੇ 43 ਵੀਂ ਸੰਸਦ ਨੂੰ ਭੰਗ ਕਰਨ ਅਤੇ 338 ਰਿੱਟਾਂ ਤਿਆਰ ਕਰਨ ਦੀ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ, ਜਿਸ ਕਾਰਨ ਫੈਡਰਲ ਚੋਣਾਂ 20 ਸਤੰਬਰ ਨੂੰ ਹੋਣਗੀਆਂ।
ਟਰੂਡੋ ਆਪਣੀ ਪਤਨੀ ਸੋਫੀ ਗ੍ਰੇਗੋਇਰ ਟਰੂਡੋ ਅਤੇ ਆਪਣੇ ਤਿੰਨ ਬੱਚਿਆਂ ਜੇਵੀਅਰ, ਐਲਾ-ਗ੍ਰੇਸ ਅਤੇ ਹੈਡਰਿਅਨ ਦੇ ਨਾਲ ਸਵੇਰੇ 10:20 ਵਜੇ (ਈਟੀ) ਰਾਇਡੋ ਹਾਲ ਪਹੁੰਚੇ। ਇਹ ਪਰਿਵਾਰ ਗਵਰਨਰ ਜਨਰਲ ਦੀ ਸਰਕਾਰੀ ਰਿਹਾਇਸ਼ ਤੋਂ ਕੁਝ ਮਿੰਟਾਂ ਦੀ ਦੂਰੀ ‘ਤੇ, ਰਾਇਡੂ ਕਾਟੇਜ ਵਿਖੇ ਉਨ੍ਹਾਂ ਦੇ ਘਰ ਤੋਂ ਚੱਲਿਆ ਗਿਆ। ਇੱਥੇ ਟਰੂਡੋ ਨੇ ਕਰੀਬ 40 ਮਿੰਟਾਂ ਤੱਕ ਮੈਰੀ ਸਾਈਮਨ ਨਾਲ ਮੁਲਾਕਾਤ ਕੀਤੀ।
ਉਧਰ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਆਗੂ ਏਰਿਨ ਓ ਟੂਲ ਨੇ ਟਰੂਡੋ ਦੇ ਐਲਾਨ ਤੋਂ ਥੋੜ੍ਹੀ ਦੇਰ ਬਾਅਦ ਬਿਆਨ ਦਿੱਤਾ ਅਤੇ ਟਰੂਡੋ ਦੀ ਸਖਤ ਆਲੋਚਨਾ ਕੀਤੀ। ਉਨਾਂ ਕਿਹਾ ਕੋਵਿਡ -19 ਦੀ ਚੌਥੀ ਲਹਿਰ ਦੇ ਵਿਚਕਾਰ ਕੈਨੇਡੀਅਨਾਂ ਨੂੰ ਚੋਣਾਂ ‘ਚ ਧੱਕਣ ਦਾ ਫੈਸਲਾ ਗ਼ਲਤ ਹੈ।