ਨਿਊਜ਼ ਡੈਸਕ: ਬ੍ਰਾਜ਼ੀਲ ਦਾ ਬੇਲੇਮ ਸ਼ਹਿਰ ਕੁਝ ਸਾਲ ਪਹਿਲਾਂ ਤੱਕ ਡੇਂਗੂ ਦੇ ਭਿਆਨਕ ਪ੍ਰਕੋਪ ਨਾਲ ਜੂਝ ਰਿਹਾ ਸੀ। ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਜਾਂਦੀ ਸੀ ਅਤੇ ਮੱਛਰਾਂ ਨੂੰ ਖ਼ਤਮ ਕਰਨ ਲਈ ਰਸਾਇਣਾਂ ਦਾ ਬਹੁਤ ਜ਼ਿਆਦਾ ਛਿੜਕਾਅ ਕੀਤਾ ਜਾਂਦਾ ਸੀ। ਇਸ ਦਾ ਵਾਤਾਵਰਣ ’ਤੇ ਵੀ ਮਾੜਾ ਅਸਰ ਪੈ ਰਿਹਾ ਸੀ।
ਪਰ ਸ਼ਹਿਰ ਨੇ ਡੇਂਗੂ ਨਾਲ ਨਜਿੱਠਣ ਲਈ ਇੱਕ ਵੱਖਰਾ ਤਰੀਕਾ ਅਪਣਾਇਆ। ਇੱਥੇ ਮੱਛਰਾਂ ਨੂੰ ਹੀ ਮੱਛਰਾਂ ਖ਼ਿਲਾਫ਼ ਵਰਤਿਆ ਗਿਆ। ਇਸ ਤਰੀਕੇ ਨਾਲ ਡੇਂਗੂ ਅਤੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ’ਤੇ 70 ਫੀਸਦੀ ਤੱਕ ਕਾਬੂ ਪਾਉਣ ਦਾ ਦਾਅਵਾ ਕੀਤਾ ਗਿਆ ਹੈ।
ਖਾਸ ਬਾਲਟੀਆਂ ਬਣੀਆਂ ਮੱਛਰਾਂ ਲਈ ‘ਜਾਲ’
ਬੇਲੇਮ ਵਿੱਚ ਲਾਰਵਿਸਾਈਡ ਵਾਲੀਆਂ ਖਾਸ ਬਾਲਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਛੋਟੀਆਂ ਬਾਲਟੀਆਂ ਮਾਦਾ ਮੱਛਰਾਂ ਲਈ ਹਨੇਰੀ ਅਤੇ ਨਮੀ ਵਾਲੀ ਥਾਂ ਮੁਹੱਈਆ ਕਰਵਾਉਂਦੀਆਂ ਹਨ, ਜਿੱਥੇ ਉਹ ਅੰਡੇ ਦੇਣ ਲਈ ਆਕਰਸ਼ਿਤ ਹੁੰਦੇ ਹਨ।
ਬਾਲਟੀ ਦੇ ਅੰਦਰ ਇੱਕ ਖਾਸ ਰਸਾਇਣ ਵਾਲੀ ਜਾਲੀਦਾਰ ਪੱਟੀ ਲੱਗੀ ਹੁੰਦੀ ਹੈ। ਜਦੋਂ ਮਾਦਾ ਮੱਛਰ ਇਸ ’ਤੇ ਬੈਠਦਾ ਹੈ ਤਾਂ ਰਸਾਇਣ ਉਸ ਦੇ ਸਰੀਰ ਨਾਲ ਚਿਪਕ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਮੱਛਰ ਹੋਰ ਥਾਵਾਂ ’ਤੇ ਜਾਂਦਾ ਹੈ, ਤਾਂ ਇਹ ਰਸਾਇਣ ਵੀ ਉੱਥੇ ਪਹੁੰਚ ਜਾਂਦਾ ਹੈ ਅਤੇ ਉਨ੍ਹਾਂ ਥਾਵਾਂ ’ਤੇ ਮੌਜੂਦ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਵਿੱਚ ਮਦਦ ਕਰਦਾ ਹੈ।
ਦੁਨੀਆ ਦੀ ਵੱਡੀ ਮੱਛਰ ਫੈਕਟਰੀ
ਬ੍ਰਾਜ਼ੀਲ ਨੇ ਰਵਾਇਤੀ ਅਤੇ ਜ਼ਹਿਰੀਲੇ ਕੀਟਨਾਸ਼ਕਾਂ ਦੇ ਛਿੜਕਾਅ ’ਤੇ ਨਿਰਭਰਤਾ ਘਟਾਉਣ ਲਈ ਵਾਤਾਵਰਣ-ਅਨੁਕੂਲ ਤਕਨੀਕਾਂ ਦੀ ਵਰਤੋਂ ਵੀ ਸ਼ੁਰੂ ਕੀਤੀ। ਇਸੇ ਤਹਿਤ ਪਿਛਲੇ ਸਾਲ ਦੁਨੀਆ ਦੀ ਸਭ ਤੋਂ ਵੱਡੀ ਮੱਛਰ ਫੈਕਟਰੀ ਸਥਾਪਿਤ ਕੀਤੀ ਗਈ।
ਇੱਥੇ ਵੋਲਬਾਚੀਆ ਨਾਮਕ ਕੁਦਰਤੀ ਬੈਕਟੀਰੀਆ ਵਾਲੇ ਮੱਛਰ ਵੱਡੀ ਗਿਣਤੀ ਵਿੱਚ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਛੱਡਿਆ ਜਾਂਦਾ ਹੈ।
ਵੋਲਬਾਚੀਆ ਨਾਲ ਮੱਛਰਾਂ ਦੀ ਗਿਣਤੀ ’ਤੇ ਕਾਬੂ
ਵੋਲਬਾਚੀਆ ਇੱਕ ਸੁਰੱਖਿਅਤ ਬੈਕਟੀਰੀਆ ਹੈ, ਜੋ ਕੁਦਰਤੀ ਤੌਰ ’ਤੇ ਦੁਨੀਆ ਦੇ ਲਗਭਗ ਅੱਧੇ ਕੀੜਿਆਂ ਵਿੱਚ ਮਿਲਦਾ ਹੈ। ਆਮ ਤੌਰ ’ਤੇ ਇਹ ਡੇਂਗੂ, ਜ਼ੀਕਾ ਅਤੇ ਚਿਕਨਗੁਨੀਆ ਫੈਲਾਉਣ ਵਾਲੇ ਏਡੀਜ਼ ਏਜਿਪਟੀ ਮੱਛਰਾਂ ਵਿੱਚ ਨਹੀਂ ਹੁੰਦਾ।
ਲੈਬ ਵਿੱਚ ਵੋਲਬਾਚੀਆ ਵਾਲੇ ਮੱਛਰਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਛੱਡਿਆ ਜਾਂਦਾ ਹੈ। ਇਹ ਜੰਗਲੀ ਮੱਛਰਾਂ ਨਾਲ ਪ੍ਰਜਨਨ ਕਰਦੇ ਹਨ, ਜਿਸ ਨਾਲ ਜਾਂ ਤਾਂ ਮੱਛਰਾਂ ਦੀ ਗਿਣਤੀ ਕੰਟਰੋਲ ਹੁੰਦੀ ਹੈ ਜਾਂ ਨਵੀਂ ਪੀੜ੍ਹੀ ਵਿੱਚ ਡੇਂਗੂ ਵਾਇਰਸ ਨੂੰ ਮਨੁੱਖਾਂ ਤੱਕ ਪਹੁੰਚਾਉਣ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ।
ਲੋਕਾਂ ਦੀ ਭਾਗੀਦਾਰੀ ਨਾਲ ਬਦਲੀ ਤਸਵੀਰ
ਬੇਲੇਮ ਦੇ ਮੇਅਰ ਇਗੋਰ ਨੋਰਮਾਂਡੋ ਮੁਤਾਬਕ ਇਹ ਕਾਮਯਾਬੀ ਸਾਂਝੇ ਯਤਨਾਂ ਨਾਲ ਮਿਲੀ ਹੈ। ਇੱਥੇ ਨਿਯਮਿਤ ਤੌਰ ’ਤੇ ਘਰ-ਘਰ ਜਾ ਕੇ ਜਾਂਚ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਪਾਣੀ ਇਕੱਠਾ ਨਾ ਹੋਣ ਦੇਣ ਲਈ ਜਾਗਰੂਕ ਕੀਤਾ ਜਾਂਦਾ ਹੈ।
ਰਸਾਇਣਾਂ ਦਾ ਛਿੜਕਾਅ ਵੀ ਸੀਮਤ ਕੀਤਾ ਗਿਆ ਹੈ। ਇਸ ਨਾਲ ਉਹ ਦੁਰਲੱਭ ਤਿਤਲੀਆਂ ਵੀ ਮੁੜ ਦਿਖਾਈ ਦੇਣ ਲੱਗੀਆਂ ਹਨ, ਜੋ ਪਹਿਲਾਂ ਰਸਾਇਣਾਂ ਦੇ ਮਾੜੇ ਪ੍ਰਭਾਵ ਕਾਰਨ ਇਲਾਕੇ ਵਿੱਚੋਂ ਗਾਇਬ ਹੋ ਗਈਆਂ ਸਨ।

