ਬਰੈਂਪਟਨ: ਬਰੈਂਪਟਨ ਸਿਟੀ ਕਾਉਂਸਲਰ ਗੁਰਪ੍ਰੀਤ ਢਿੱਲੋਂ ‘ਤੇ ਮਹਿਲਾ ਨਾਲ ਛੇੜਛਾੜ ਦੇ ਗੰਭੀਰ ਦੋਸ਼ ਲੱਗੇ ਹਨ। ਰਿਪੋਰਟਾਂ ਮੁਤਾਬਕ ਕੈਨੇਡੀਅਨ ਟਰੇਡ ਮਿਸ਼ਨ ਦੀ ਮੈਂਬਰ ਨੇ ਸਿਟੀ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਕਿ ਕਾਉਂਸਲਰ ਢਿੱਲੋਂ ਨੇ ਉਸ ਨਾਲ ਤੁਰਕੀ ਦੌਰੇ ਦੌਰਾਨ ਛੇੜਛਾੜ ਕੀਤੀ ਸੀ।
ਉੱਧਰ ਦੂਜੇ ਪਾਸੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਗੁਰਪ੍ਰੀਤ ਢਿੱਲੋਂ ਨੇ ਫੇਸਬੁੱਕ ‘ਤੇ ਪੋਸਟ ਕੀਤੀ ਹੈ ਕਿ ਮੇਰੇ ਨਾਲ ਮਿਲਦੇ ਜੁਲਦੇ ਨਾਮ ਵਾਲੇ ਬਰੈਂਪਟਨ ਦੇ ਇੱਕ ਵਿਅਕਤੀ ‘ਤੇ ਅਪਰਾਧਿਕ ਮਾਮਲਾ ਦਰਜ ਹੋਣ ਕਾਰਨ ਇਹ ਅਫਵਾਹਾਂ ਉੱਡ ਰਹੀਆਂ ਹਨ। ਉਨ੍ਹਾਂ ਨੇ ਸਾਫ ਕਰਦੇ ਅੱਗੇ ਲਿਖਿਆ ਕਿ ਮੇਰੇ ‘ਤੇ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਕੋਲੋਂ ਪੁਲਿਸ ਵੱਲੋਂ ਕੋਈ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰੇ ਦੌਰਾਨ ਉਨ੍ਹਾਂ ਦਾ ਧਿਆਨ ਬਰੈਂਪਟਨ ਸ਼ਹਿਰ ਲਈ ਤੁਰਕੀ ਨਾਲ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨ ਉੱਤੇ ਕੇਂਦਰਿਤ ਰਿਹਾ ਹੈ।
https://www.facebook.com/GurpreetBrampton/posts/2738137139609734
ਉੱਥੇ ਹੀ ਬਰੈਂਪਟਨ ਗਾਰਡੀਅਨ ਮੁਤਾਬਕ ਬਰੈਂਪਟਨ ਸਿਟੀ ਵੱਲੋਂ ਇਹ ਮਾਮਲਾ ਪੀਲ ਪੁਲੀਸ ਤੇ ਬਰੈਂਪਟਨ ਦੇ ਇੰਟੇਗਰਿਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ।
ਜਦੋਂ ਪੀਲ ਪੁਲਿਸ ਨਾਲ ਇਸ ਮਾਮਲੇ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਦਾ ਕੋਈ ਰਿਕਾਰਡ ਨਹੀਂ ਹੈ। ਆਰਸੀਐਮਪੀ ਮੀਡੀਆ ਰਿਲੇਸ਼ਨਸ ਨੇ ਵੀ ਇਹ ਕਿਹਾ ਕਿ ਉਨ੍ਹਾਂ ਨੂੰ ਜਾਂਚ ਦੀ ਕੋਈ ਜਾਣਕਾਰੀ ਨਹੀਂ ਹੈ, ਜਦੋਂ ਤੱਕ ਕੋਈ ਦੋਸ਼ ਤੈਅ ਨਹੀਂ ਕੀਤੇ ਜਾਂਦੇ ਉਹ ਕਿਸੇ ਵੀ ਕੇਸ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ।
ਉੱਧਰ ਸਿਟੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ, ਇਨ੍ਹਾਂ ਦੋਸ਼ਾਂ ਸਬੰਧੀ ਵਧੇਰੇ ਜਾਣਕਾਰੀ ਜਲਦ ਤੋਂ ਜਲਦ ਜਨਤਕ ਕੀਤੀ ਜਾਵੇਗੀ।
ਖਬਰਾਂ ਇਹ ਵੀ ਹਨ ਕਿ ਤੁਰਕੀ ਨੇ ਗੁਰਪ੍ਰੀਤ ਢਿੱਲੋਂ ਨੂੰ ਆਪਣੇ ਦੇਸ਼ ‘ਚ ਦਾਖਲ ਹੋਣ ‘ਤੇ ਵੀ ਰੋਕ ਲਗਾ ਦਿੱਤੀ ਹੈ ਅਤੇ ਮਾਮਲਾ ਪੁਲਿਸ ਤੋਂ ਇਲਾਵਾ ਤੁਰਕੀ ਸਥਿਤ ਕੈਨੇਡਾ ਦੇ ਕੌਂਸਲਰ ਜਨਰਲ ਤੱਕ ਵੀ ਪਹੁੰਚਿਆ ਚੁੱਕਿਆ ਹੈ।