ਬਰੈਂਪਟਨ ‘ਚ ਨਵੇਂ ਹਸਪਤਾਲ ਲਈ ਸ਼ਹਿਰ ਵਾਸੀਆਂ ‘ਤੇ ਲੱਗੇਗਾ ਟੈਕਸ

TeamGlobalPunjab
2 Min Read

ਬਰੈਂਪਟਨ: ਬਰੈਂਪਟਨ ‘ਚ ਨਵੇਂ ਹਸਪਤਾਲ ਅਤੇ ਕੈਂਸਰ ਸੈਂਟਰ ਲਈ ਸ਼ਹਿਰ ਵਾਸੀਆਂ ‘ਤੇ ਜੂਨ ਮਹੀਨੇ ਤੋਂ ਨਵਾਂ ਟੈਕਸ ਲਾਗੂ ਕੀਤਾ ਜਾ ਰਿਹਾ ਹੈ। ਇਹ ਟੈਕਸ ਹਸਪਤਾਲ ਲਈ 25 ਕਰੋੜ ਡਾਲਰ ਦੇ ਯੋਗਦਾਨ ‘ਚੋਂ ਅੱਧੇ ਹਿੱਸੇ ਦੀ ਅਦਾਇਗੀ ਕਰਨ ਲਈ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰਕਮ ਦਾ ਅੱਧਾ ਹਿੱਸਾ ਵਿਲੀਅਮ ਓਸਲਰ ਹੈਲਥ ਸਿਸਟਮ ਵਲੋਂ ਦਿੱਤਾ ਜਾਵੇਗਾ।

ਪੀਲ ਮੈਮੋਰੀਅਲ ਅਰਜੈਂਟ ਕੇਅਰ ਸੈਂਟਰ ਨੂੰ ਦੂਜੇ ਮੁਕੰਮਲ ਹਸਪਤਾਲ ‘ਚ ਤਬਦੀਲ ਕਰਨ ਅਤੇ ਨਵਾਂ ਕੈਂਸਰ ਕੇਅਰ ਸੈਂਟਰ ਸਥਾਪਿਤ ਕਰਨ ਲਈ ਲਗਭਗ 106 ਕਰੋੜ ਡਾਲਰ ਦੀ ਜ਼ਰੂਰਤ ਹੈ, ਜਿਸ ‘ਚੋਂ ਵੱਡਾ ਹਿੱਸਾ ਸੂਬਾ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਪਰ 25 ਕਰੋੜ ਡਾਲਰ ਖਰਚ ਕਰਨ ਦੀ ਜ਼ਿੰਮੇਵਾਰੀ ਬਰੈਂਪਟਨ ਸਿਟੀ ਕੌਂਸਲ ਅਤੇ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਮੋਢਿਆਂ ‘ਤੇ ਆ ਗਈ ਹੈ। ਆਪਣੇ ਹਿੱਸੇ ਦੇ 12.5 ਕਰੋੜ ਡਾਲਰ ਅਦਾ ਕਰਨ ਲਈ ਸਿਟੀ ਕੌਂਸਲ ਵੱਲੋਂ 6 ਅਪ੍ਰੈਲ ਨੂੰ ਹੋਈ ਮੀਟਿੰਗ ਵਿਚ ਨਵੇਂ ਆਰਜ਼ੀ ਟੈਕਸ ਨੂੰ ਪ੍ਰਵਾਨਗੀ ਦਿੱਤੀ ਗਈ।

ਇਕ ਅੰਦਾਜ਼ੇ ਮੁਤਾਬਕ ਰੈਜ਼ੀਡੈਂਸ਼ੀਅਲ ਟੈਕਸ ਬਿੱਲਾਂ ‘ਚ ਸਲਾਨਾ 23.29 ਡਾਲਰ ਦਾ ਵਾਧਾ ਹੋਵੇਗਾ ਅਤੇ ਆਉਂਦੇ ਜੂਨ ਮਹੀਨੇ ਤੋਂ ਨਵੇਂ ਟੈਕਸ ਸਣੇ ਬਿੱਲ ਆਉਣਗੇ। ਸ਼ਹਿਰ ਦੇ ਡਿਪਟੀ ਮੇਅਰ ਅਤੇ ਵਾਰਡ 7-8 ‘ ਤੋਂ ਕੌਂਸਲਰ ਪੈਟ ਫੋਰਟਿਨੀ ਨੇ ਕਿਹਾ ਕਿ ਪਿਛਲੇ ਸਾਲ ਵਰਚੁਅਲ ਟਾਊਨ ਹਾਲ ਦੌਰਾਨ 70 ਫ਼ੀਸਦੀ ਤੋਂ ਵੱਧ ਸ਼ਹਿਰ ਵਾਸੀਆਂ ਨੇ ਨਵੇਂ ਹਸਪਤਾਲ ਦੀ ਉਸਾਰੀ ‘ਚ ਯੋਗਦਾਨ ਪਾਉਣ ਦੀ ਹਾਮੀ ਭਰੀ ਸੀ। ਪਿਛਲੇ ਸਮੇਂ ਦੌਰਾਨ ਹੈਲਥ ਕੇਅਰ ਦੇ ਖੇਤਰ ‘ਚ ਬਣਦਾ ਹਿੱਸਾ ਨਾਂ ਮਿਲਣ ਕਾਰਨ ਸ਼ਹਿਰ ਦੇ ਇੱਕੋ ਇੱਕ ਹਸਪਤਾਲ ਵਿਚ ਭੀੜ ਬਹੁਤ ਵਧ ਚੁੱਕੀ ਹੈ।

ਦੂਜੇ ਪਾਸੇ ਵਿਲੀਅਮ ਓਸਲਰ ਦੇ ਚੇਅਰ ਜੈਫ਼ਰੀ ਰਿਚੀ ਨੇ ਕਿਹਾ ਕਿ ਬਰੈਂਪਟਨ ਦੇ ਹੈਲਥ ਕੇਅਰ ਸੈਕਟਰ ਵਾਸਤੇ ਇਹ ਇਤਿਹਾਸਕ ਸਮਾਂ ਹੈ ਅਤੇ ਸਿਟੀ ਕੌਂਸਲ ਵੱਲੋਂ 12.5 ਕਰੋੜ ਡਾਲਰ ਦੇਣ ਦੀ ਹਾਮੀ ਹਸਪਤਾਲ ‘ਚ ਨਵੀਆਂ ਸਹੂਲਤਾਂ ਸ਼ਾਮਲ ਕਰਨ ‘ਚ ਮਦਦਗਾਰ ਹੋਵੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment