ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨਿੱਜੀ ਹਸਪਤਾਲਾਂ ਵਿਚ ਕੋਵਿਡ-19 ਦਾ ਇਲਾਜ ਕਰਵਾ ਰਹੇ ਸੂਬੇ ਦੇ ਬੀਪੀਐਲ ਮਰੀਜ਼ਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਅੱਜ ਐਲਾਨ ਕੀਤਾ ਕਿ ਹੁਣ ਤੋਂ ਅਜਿਹੇ ਮਰੀਜਾਂ ਦਾ ਇਲਾਜ ਦਾ ਪੂਰਾ ਖਰਚ ਸੂਬਾ ਸਰਕਾਰ ਸਹਿਣ ਕਰੇਗੀ। ਇਸ ਤੋਂ ਪਹਿਲਾਂ, ਸੂਬਾ ਸਰਕਾਰ ਨੇ ਅਜਿਹੇ ਬੀਪੀਐਲ ਮਰੀਜਾਂ ਨੂੰ 35,000 ਰੁਪਏ ਤੱਕ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜੋ ਬੀਪੀਐਲ ਪਰਿਵਾਰ ਆਯੂਸ਼ਮਾਨ ਭਾਰਤ ਯੋਜਨਾ ‘ਚ ਸ਼ਾਮਲ ਨਹੀਂ ਹਨ, ਸਿਰਫ ਉਹ ਪਰਿਵਾਰ ਇਸ ਲਾਭ ਲਈ ਪਾਤਰ ਹੋਣਗੇ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਯਕੀਨੀ ਬਣਾਉਣ ਕਿ ਇਹ ਯੋਜਨਾ ਜ਼ਮੀਨੀ ਪੱਧਰ ‘ਤੇ ਪੁੱਜੇ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਹਰੇਕ ਰੋਗੀ ਜੋ ਇਸ ਲਾਭ ਲਈ ਪਾਤਰ ਹੈ, ਉਸ ਨੂੰ ਪਹਿਲ ਦੇ ਆਧਾਰ ‘ਤੇ ਇਹ ਲਾਭ ਮਿਲੇ।
ਖੱਟਰ ਨੇ ਕਿਹਾ ਕਿ ਮੌਜ਼ੂਦਾ ਸਮੇਂ ‘ਚ ਰਾਜ ਦੇ ਸਰਕਾਰੀ ਅਤੇ ਨਿੱਜੀ ਹਸਪਤਾਲ ਪਹਿਲਾਂ ਤੋਂ ਹੀ ਕੋਵਿਡ 19 ਦੀ ਦੂਜੀ ਲਹਿਰ ਖਿਲਾਫ ਸਖਤ ਲੜਾਈ ਲੜ ਰਹੇ ਹਨ, ਪਰ ਹੁਣ ਬਲੈਕ ਫੰਗਸ ਮਾਮਲਿਆਂ ‘ਤੇ ਸਖਤ ਨਿਗਰਾਨੀ ਰੱਖਣ ਸਮੇਤ ਪੋਸਟ ਕੋਵਿਡ ਸਮੱਸਿਆਵਾਂ ਤੋਂ ਪੀੜਿਤ ਰੋਗੀਆਂ ਦੇ ਇਲਾਜ ਲਈ ਯੋੋਗ ਵਿਵਸਥਾ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।