ਇੱਕੋ ਪਿੰਡ ਦੇ ਮੁੰਡਾ ਕੁੜੀ ਨਹੀਂ ਕਰਵਾ ਸਕਣਗੇ ਪ੍ਰੇਮ ਵਿਆਹ; ਪੰਚਾਇਤ ਨੇ ਪਾਸ ਕੀਤਾ ਮਤਾ

Global Team
2 Min Read

ਅੰਮ੍ਰਿਤਸਰ: ਅਜਨਾਲਾ ਤਹਿਸੀਲ ਦੇ ਧਾਰੀਵਾਲ ਵਿੱਚ ਇੱਕ ਪੰਚਾਇਤ ਨੇ ਲਵ ਮੈਰਿਜ (ਪ੍ਰੇਮ ਵਿਆਹ) ‘ਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਪੰਚਾਇਤ ਨੇ ਇਕ ਮਤਾ ਪਾਸ ਕੀਤਾ ਹੈ। ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜੇਕਰ ਪਿੰਡ ਦਾ ਕੋਈ ਲੜਕਾ-ਲੜਕੀ ਆਪਸ ਵਿੱਚ ਵਿਆਹ ਕਰਦੇ ਹਨ, ਤਾਂ ਉਨ੍ਹਾਂ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਲੜਕੇ ਅਤੇ ਲੜਕੀ ਦੇ ਪਰਿਵਾਰ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।

ਇੰਨਾ ਹੀ ਨਹੀਂ, ਵਿਆਹ ਕਰਵਾਉਣ ਵਾਲਿਆਂ ਦੀਆਂ ਪੰਚਾਇਤੀ ਸਰਕਾਰੀ ਸਹੂਲਤਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਕਿਸੇ ਵੀ ਦਸਤਾਵੇਜ਼ ‘ਤੇ ਦਸਤਖਤ ਨਹੀਂ ਕੀਤੇ ਜਾਣਗੇ। ਜੇਕਰ ਭਵਿੱਖ ਵਿੱਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਪਿੰਡ ਦਾ ਕੋਈ ਵੀ ਵਿਅਕਤੀ ਥਾਣੇ ਜਾਂ ਅਦਾਲਤ ਵਿੱਚ ਗਵਾਹੀ ਨਹੀਂ ਦੇਵੇਗਾ। ਯਾਨੀ ਕਿ ਕਿਸੇ ਵੀ ਸੂਰਤ ਵਿੱਚ ਲੜਕਾ-ਲੜਕੀ ਦੇ ਪਰਿਵਾਰਾਂ ਦੀ ਕੋਈ ਗੱਲ ਨਹੀਂ ਸੁਣੀ ਜਾਵੇਗੀ।

ਇਹ ਪਾਬੰਦੀ ਸਿਰਫ਼ ਵਿਆਹ ਕਰਵਾਉਣ ਵਾਲੇ ਜੋੜੇ ਤੱਕ ਹੀ ਸੀਮਤ ਨਹੀਂ ਹੈ। ਮਤੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪਿੰਡ ਦਾ ਜੋ ਵੀ ਵਿਅਕਤੀ ਅਜਿਹੇ ਜੋੜਿਆਂ ਨਾਲ ਮੇਲ-ਮਿਲਾਪ ਰੱਖੇਗਾ ਜਾਂ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰੇਗਾ, ਉਸ ਵਿਅਕਤੀ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ।

ਪੰਚਾਂ ਨੇ ਦੱਸਿਆ ਕਿ ਇਹ ਫੈਸਲਾ ਉਦੋਂ ਲਿਆ ਗਿਆ, ਜਦੋਂ ਹਾਲ ਹੀ ਵਿੱਚ 5 ਤੋਂ 6 ਵਿਆਹ ਅਜਿਹੇ ਹੋ ਗਏ, ਜਿਨ੍ਹਾਂ ਵਿੱਚ ਪਿੰਡ ਦਾ ਹੀ ਲੜਕਾ ਅਤੇ ਪਿੰਡ ਦੀ ਹੀ ਲੜਕੀ ਸੀ। ਅਜਿਹੇ ਮਾਮਲਿਆਂ ਵਿੱਚ ਇੱਕੋ ਗਲੀ ਵਿੱਚ ਜਾਂ ਕਈ ਵਾਰ ਆਹਮੋ – ਸਾਹਮਣੇ ਹੀ ਪੇਕਾ-ਸਹੁਰਾ ਘਰ ਹੋ ਜਾਂਦਾ ਹੈ। ਪਿੰਡ ਵਾਸਿਆਂ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਲੜਕੀ ਉਨ੍ਹਾਂ ਦੀ ਧੀ ਹੈ ਜਾਂ ਨੂੰਹ। ਰਿਸ਼ਤਿਆਂ ਵਿੱਚ ਅਜਿਹੇ ਵਿਆਹਾਂ ਕਾਰਨ ਖਟਾਸ ਵੀ ਆਉਂਦੀ ਹੈ। ਕਈ ਮਾਮਲਿਆਂ ਵਿੱਚ ਪਰਿਵਾਰਾਂ ਵਿੱਚ ਝਗੜੇ ਵਧ ਗਏ ਹਨ। ਅਜਿਹੀ ਸਥਿਤੀ ਵਿੱਚ ਪੰਚਾਇਤ ਨੇ ਪਿੰਡ ਦੇ ਅੰਦਰ ਕਿਸੇ ਵੀ ਤਰੀਕੇ ਨਾਲ (ਆਪਸੀ) ਵਿਆਹ ‘ਤੇ ਪਾਬੰਦੀ ਲਗਾ ਦਿੱਤੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment