ਅਮਰੀਕਾ ‘ਚ ਡੌਂਕੀ ਲਗਾ ਕੇ ਦਾਖਲ ਹੋਣ ਵਾਲੇ ਜ਼ਿਆਦਾਤਰ ਪੰਜਾਬੀ, ਪੜ੍ਹੋ ਪੂਰੀ ਰਿਪੋਰਟ

Global Team
4 Min Read

ਵਾਸ਼ਿੰਗਟਨ: ਚੰਗੇ ਭਵਿੱਖ ਲਈ ਭਾਰਤ, ਖਾਸ ਤੌਰ ‘ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਨੇ। ਇਹਨਾਂ ‘ਚ ਬਹੁਤ ਸਾਰੇ ਲੋਕ ਤਾਂ ਆਪਣੇ ਸੁਪਨੇ ਪੂਰੇ ਕਰਨ ਵਿੱਚ ਸਫ਼ਲ ਹੋ ਜਾਂਦੇ ਨੇ, ਪਰ ਕਈ ਲੋਕ ਗਲਤ ਰਸਤੇ ਅਪਣਾ ਕੇ ਕਿਸੇ ਨਾਂ ਕਿਸੇ ਕਾਰਨ ਮੁਸ਼ਕਲਾਂ ਵਿੱਚ ਘਿਰ ਜਾਂਦੇ ਨੇ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਅੰਕੜੇ ਜਾਰੀ ਕੀਤੇ ਗਏ ਨੇ ਜਿਸ ਦੇ ਮੁਤਾਬਕ ਫ਼ਰਵਰੀ 2019 ਤੋਂ ਮਾਰਚ 2023 ਵਿਚਾਲੇ ਡੇਢ ਲੱਖ ਭਾਰਤੀਆਂ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖ਼ਲ ਹੁੰਦਿਆਂ ਕਾਬੂ ਕੀਤਾ ਗਿਆ ਅਤੇ ਇਨ੍ਹਾਂ ‘ਚ ਉਹ ਭਾਰਤੀ ਸ਼ਾਮਲ ਨਹੀਂ ਜੋ ਬਾਰਡਰ ਏਜੰਟਾਂ ਤੋਂ ਅੱਖ ਬਚਾ ਕੇ ਨਿਕਲਣ ਵਿਚ ਸਫ਼ਲ ਰਹੇ।

ਬਾਰਡਰ ਏਜੰਟਾਂ ਨੇ ਭਾਰਤੀਆਂ ਵੱਲੋਂ ਅਮਰੀਕਾ ‘ਚ ਦਾਖ਼ਲ ਹੋਣ ਦੀਆਂ 2,663 ਕੋਸ਼ਿਸ਼ਾਂ ਰੋਕੀਆਂ ਜੋ ਮੈਕਸੀਕੋ ਅਤੇ ਕੈਨੇਡਾ ਦੋਹਾਂ ਪਾਸਿਆਂ ਤੋਂ ਹੋਈਆਂ। ਦੂਜੇ ਪਾਸੇ ਇੱਕ ਰਿਪੋਰਟ ‘ਚ ਕਿਹਾ ਜਾ ਰਿਹਾ ਭਾਰਤੀ ਏਜੰਸੀਆਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਕਹਿੰਦੀ ਹੈ ਕਿ ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ ਹਿਰਾਸਤ ਵਿੱਚ ਲਏ ਜ਼ਿਆਦਾਤਰ ਭਾਰਤੀ ਮਨੁੱਖੀ ਆਧਾਰ ‘ਤੇ ਪਨਾਹ ਹਾਸਲ ਕਰਨ ‘ਚ ਕਾਮਯਾਬ ਰਹੇ ਅਤੇ ਗਿਣੇ-ਚੁਣੇ ਲੋਕਾਂ ਨੂੰ ਹੀ ਡਿਪੋਰਟ ਕੀਤਾ ਗਿਆ। ਅਮਰੀਕਾ ਜਾਣ ਦੀ ਤੀਬਰ ਇੱਛਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਨਵਰੀ 2022 ਵਿਚ ਲਗਭਗ ਸਾਢੇ ਪੰਜ ਹਜ਼ਾਰ ਭਾਰਤੀਆਂ ਨੂੰ ਬਾਰਡਰ ‘ਤੇ ਰੋਕਿਆ ਗਿਆ ਜਦਕਿ ਜਨਵਰੀ 2023 ਵਿਚ ਇਹ ਅੰਕੜਾ ਵਧ ਕੇ ਸਾਢੇ ਸੱਤ ਹਜ਼ਾਰ ਹੋ ਗਿਆ। ਜਨਵਰੀ 2022 ‘ਚ ਕੈਨੇਡਾ ਨਾਲ ਲਗਦੀ ਸਰਹੱਦ ਤੋਂ ਸਿਰਫ਼ 708 ਭਾਰਤੀ ਕਾਬੂ ਕੀਤੇ ਗਏ ਪਰ ਜਨਵਰੀ 2023 ਵਿਚ ਅੰਕੜਾ ਢਾਈ ਹਜ਼ਾਰ ਤੱਕ ਪਹੁੰਚ ਗਿਆ।

ਪਿਛਲੇ ਮਹੀਨੇ ਲਗਭਗ 10 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਮੈਕਸੀਕੋ ਅਤੇ ਕੈਨੇਡਾ ਦੀ ਸਰਹੱਦ ‘ਤੇ ਰੋਕਿਆ ਗਿਆ ਅਤੇ ਸਮੇਂ ਦੇ ਨਾਲ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਹਾਲਾਂਕਿ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖ਼ਲ ਹੋਣ ਦਾ ਯਤਨ ਕਰਨ ਵਾਲਾ ਹਰ ਵਾਸੀ ਖੁਸ਼ਕਿਸਮਤ ਨਹੀਂ ਹੁੰਦਾ। ਇਸ ਦੀ ਮਿਸਾਲ ਗੁਜਰਾਤ ਨਾਲ ਸਬੰਧਤ ਦੋ ਭਾਰਤੀ ਪਰਵਾਰ ਹਨ ਜੋ ਅਮਰੀਕਾ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਚਲੇ ਗਏ। ਜਗਦੀਸ਼ ਪਟੇਲ ਆਪਣੀ ਪਤਨੀ ਅਤੇ ਬੱਚਿਆਂ ਨਾਲ ਮੈਨੀਟੋਬਾ ਦੇ ਰਸਤੇ ਅਮਰੀਕਾ ਜਾਣ ਦੇ ਯਤਨ ਦੌਰਾਨ ਅੰਤਾਂ ਦੀ ਠੰਢ ਦਾ ਸ਼ਿਕਾਰ ਬਣ ਗਿਆ ਜਦਕਿ ਮਹਿਸਾਣਾ ਦਾ ਪ੍ਰਵੀਨ ਚੌਧਰੀ ਆਪਣੇ ਪਰਿਵਾਰ ਸਮੇਤ ਕਿਊਬੈਕ ਵਿਚ ਵਗਦੀ ਸੈਂਟ ਲਾਰੇਂਸ ਨਦੀ ਵਿਚ ਡੁੱਬ ਗਿਆ। ਦੋਵੇਂ ਪਰਵਾਰ ਖੁਸ਼ਹਾਲ ਜ਼ਿੰਦਗੀ ਦੀ ਭਾਲ ‘ਚ ਅਮਰੀਕਾ ਜਾ ਰਹੇ ਸਨ। ਕੁਝ ਦਿਨ ਪਹਿਲਾਂ ਮੈਨੀਟੋਬਾ ਵਿੱਚ ਇਕ ਹੋਰ ਘਟਨਾ ਸਾਹਮਣੇ ਆਈ ਜਦੋਂ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ 9 ਪਰਵਾਸੀ ਇੱਕ ਨਾਲੇ ‘ਚ ਫਸ ਗਏ ਅਤੇ ਬਾਰਡਰ ਏਜੰਟਾਂ ਨੇ ਇਨ੍ਹਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ। ਦੇਰ ਹੋਣ ਦੀ ਸੂਰਤ ਵਿਚ ਕਈ ਜਣੇ ਹਾਈਪੋਥਰਮੀਆ ਕਰ ਕੇ ਜਾਨ ਗਵਾ ਸਕਦੇ ਸਨ। ਅਮਰੀਕਾ ਦੇ ਨੋਰਥ ਡਕੋਟਾ ਸੂਬੇ ‘ਚ ਬਾਰਡਰ ਪੈਟਰੋਲ ਏਜੰਟ ਡੇਵਿਡ ਮਾਰਕਸ ਨੇ ਦੱਸਿਆ ਕਿ ਇਸ ਇਲਾਕੇ ਰਾਹੀਂ ਪਿਛਲੇ ਕੁਝ ਮਹੀਨੇ ਦੌਰਾਨ ਬਾਰਡਰ ਪਾਰ ਕਰਨ ਦੇ 100 ਤੋਂ ਵੱਧ ਯਤਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਆਪਣੀ ਜਾਨ ਖਤਰੇ ਵਿਚ ਪਾ ਕੇ ਸਰਹੱਦ ਪਾਰ ਕਰਦੇ ਹਨ ਜੋ ਬਿਲਕੁਲ ਵੀ ਸਹੀ ਨਹੀਂ। ਮਾਰਕਸ ਨੇ ਪਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖੀ ਤਸਕਰਾਂ ਦੇ ਲਾਰਿਆਂ ‘ਤੇ ਬਿਲਕੁਲ ਯਕੀਨ ਨਾਂ ਕਰਨ। ਮਨੁੱਖੀ ਤਸਕਰਾਂ ਨੂੰ ਸਿਰਫ਼ ਮੋਟੀ ਰਕਮ ਚਾਹੀਦੀ ਹੈ ਅਤੇ ਕਿਸੇ ਦੀ ਜਾਨ ਖਤਰੇ ‘ਚ ਪੈਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।

Share This Article
Leave a Comment