ਬਾਲੀਵੁੱਡ ਸੰਗੀਤ ਲਈ ‘ਕਲਿਆਣਕਾਰੀ’ ਸੀ – ਕਲਿਆਣ ਜੀ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਬਾਲੀਵੁੱਡ ਸੰਗੀਤ ਵਿੱਚ ਚੋਟੀ ਦਾ ਸਥਾਨ ਰੱਖਣ ਵਾਲੀ ਸੰਗੀਤਕਾਰ ਜੋੜੀ ਲਕਸ਼ਮੀਕਾਂਤ-ਪਿਆਰੇ ਲਾਲ ਨੂੰ ਫ਼ਖ਼ਰ ਸੀ ਕਿ ਉਹ ਮਹਾਨ ਸੰਗੀਤਕਾਰ ਜੋੜੀ ਕਲਿਆਣ ਜੀ-ਅਨੰਦ ਜੀ ਦੇ ਚੇਲੇ ਤੇ ਸਹਾਇਕ ਰਹੇ ਸਨ। ਕਲਿਆਣ ਜੀ-ਅਨੰਦ ਜੀ ਦੀ ਜੋੜੀ ਨੇ 250 ਤੋਂ ਵੱਧ ਫ਼ਿਲਮਾਂ ਲਈ ਬੇਹੱਦ ਦਿਲਕਸ਼ ਸੰਗੀਤ ਰਚਿਆ ਸੀ ਜਿਨ੍ਹਾ ਵਿੱਚੋਂ 17 ਫ਼ਿਲਮਾਂ ਗੋਲਡਨ ਜੁਬਲੀ ਅਤੇ 39 ਫ਼ਿਲਮਾਂ ਸਿਲਵਰ ਜੁਬਲੀ ਰਹੀਆਂ ਸਨ।

ਇਸ ਜੋੜੀ ਵੱਲੋਂ ਰਚੇ ਸੁਰੀਲੇ ਗੀਤਾਂ ਵਿੱਚ ‘ਅਕੇਲੇ ਹੈਂ ਚਲੇ ਆਓ, ਵਾਅਦਾ ਕਰ ਲੇ ਸਾਜਨਾ, ਆਜਾ ਤੁਝ ਕੋ ਪੁਕਾਰੇ ਮੇਰੇ ਗੀਤ, ਕਭੀ ਰਾਤ ਦਿਨ ਹਮ ਦੂਰ ਥੇ,ਕਸਮੇਂ ਵਾਅਦੇ ਪਿਆਰ ਵਫ਼ਾ ਸਭ ਬਾਤੇਂ ਹੈ ਬਾਤੋਂ ਕਾ ਕਿਆ, ਮੇਰੇ ਦੇਸ਼ ਕੀ ਧਰਤੀ, ਸੁੱਖ ਕੇ ਸਬ ਸਾਥੀ ਦੁੱਖ ਮੇਂ ਨਾ ਕੋਇ, ਜ਼ਿੰਦਗੀ ਕਾ ਸਫ਼ਰ ਹੈ ਯੇ ਕੈਸਾ ਸਫ਼ਰ, ਪਲ ਪਲ ਦਿਲ ਕੇ ਪਾਸ ਤੁਮ ਰਹਿਤੀ ਹੋ ਅਤੇ ਜੀਵਨ ਸੇ ਭਰੀ ਤੇਰੀ ਆਂਖੇਂ’ ਜਿਹੇ ਸੈਂਕੜੇ ਯਾਦਗਾਰੀ ਨਗ਼ਮੇ ਸ਼ਾਮਿਲ ਹਨ ਤੇ ਉਨ੍ਹਾ ਵੱਲੋਂ ਸਿਰਜੇ ਸੰਗੀਤ ਦੀ ਮਹਿਕ ਅੱਜ ਵੀ ਫ਼ਿਜ਼ਾ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ।

ਕਲਿਆਣ ਜੀ ਵੀਰ ਜੀ ਸ਼ਾਹ-ਅਨੰਦ ਜੀ ਵੀਰ ਜੀ ਸ਼ਾਹ ਦੋਵੇਂ ਭਰਾ ਸਨ ਜਿਨ੍ਹਾਂ ਵਿੱਚੋਂ ਕਲਿਆਣ ਜੀ ਵੱਡਾ ਸੀ ਤੇ ਉਸਦਾ ਜਨਮ 30 ਜੂਨ,1928 ਨੂੰ ਗੁਜਰਾਤ ਦੇ ਕੱਛ ਖੇਤਰ ਵਿਖੇ ਸਥਿਤ ਕੁੰਡੂਰੀ ਪਿੰਡ ਵਿਖੇ ਹੋਇਆ ਸੀ। ਪਿੰਡੋਂ ਕਰਿਆਨੇ ਦੀ ਦੁਕਾਨ ਬੰਦ ਕਰਕੇ ਉਸਦੇ ਪਿਤਾ ਨੇ ਇੱਕ ਦਿਨ ਮੁੰਬਈ ਦਾ ਰੁਖ਼ ਕਰ ਲਿਆ ਤੇ ਇੱਥੇ ਆ ਕੇ ਕਰਿਆਨਾ ਸਟੋਰ ਖੋਲ੍ਹ ਲਿਆ। ਕਲਿਆਣ ਜੀ ਦੇ ਪੜ੍ਹਦਾਦਾ ਜੀ ਸੰਗੀਤ ਵਿੱਚ ਰੁਚੀ ਰੱਖਦੇ ਸਨ ਤੇ ਇਹ ਖਿੱਚ ਕਲਿਆਣ ਜੀ ਤੇ ਅਨੰਦ ਜੀ ਦੇ ਅੰਦਰ ਵੀ ਸੀ। ਪਿਤਾ ਦੀ ਆਗਿਆ ਤੇ ਸਹਿਯੋਗ ਸਦਕਾ ਦੋਵਾਂ ਭਰਾਵਾਂ ਨੇ ਇੱਕ ਸੰਗੀਤ ਅਧਿਆਪਕ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕੀਤੀਆਂ ਤੇ ਦਿਲਚਸਪ ਗੱਲ ਇਹ ਰਹੀ ਕਿ ਉਨ੍ਹਾਂ ਦੇ ਅਧਿਆਪਕ ਨੂੰ ਮਿਹਨਤਾਨੇ ਵਜੋਂ ਉਨ੍ਹਾ ਦੇ ਪਿਤਾ ਜੀ ਪੈਸੇ ਦੀ ਥਾਂ ਮਹੀਨੇ ਭਰ ਦਾ ਰਾਸ਼ਨ ਪ੍ਰਦਾਨ ਕਰਿਆ ਕਰਦੇ ਸਨ।

- Advertisement -

ਕਲਿਆÎਣ ਜੀ ਨੇ ਆਪਣਾ ਫ਼ਿਲਮੀ ਕਰੀਅਰ ਬਤੌਰ ਕੈਲਵੋਲੀਨ ਵਾਦਕ ਸ਼ੁਰੂ ਕੀਤਾ ਸੀ। ਇਹ ਇੱਕ ਅਜਿਹਾ ਸੰਗੀਤਕ ਸਾਜ਼ ਸੀ ਜੋ ਬੀਨ ਦੀ ਧੁਨ ਕੱਢਦਾ ਸੀ। ਸੰਨ 1954 ਵਿੱਚ ਬਣੀ ਫ਼ਿਲਮ ‘ਨਾਗਿਨ’ ਲਈ ਸੰਗੀਤਕਾਰ ਹੇਮੰਤ ਕੁਮਾਰ ਦੇ ਸੰਗੀਤ ਨਿਰਦੇਸ਼ਨ ਹੇਠ ਕਲਿਆਣ ਜੀ ਨੇ ਬੀਨ ਦੀ ਦਿਲਕਸ਼ ਧੁਨ ਵਜਾਈ ਸੀ ਜੋ ਕਿ ਬੇਹੱਦ ਮਕਬੂਲ ਹੋਈ ਸੀ। ਕੁਝ ਸਮਾਂ ਬਤੌਰ ਕੈਲਵੋਲੀਨ ਵਾਦਕ ਕੰਮ ਕਰਨ ਪਿੱਛੋਂ ਕਲਿਆਣ ਜੀ ਨੇ ਆਪਣੇ ਭਰਾ ਨਾਲ ਮਿਲ ਕੇ ‘ਕਲਿਆਣ ਜੀ-ਅਨੰਦ ਜੀ ਐਂਡ ਪਾਰਟੀ ‘ਨਾਮਕ ਸੰਗੀਤਕ ਗਰੁੱਪ ਕਾਇਮ ਕਰਕੇ ਵੱਖ ਵੱਖ ਸ਼ਹਿਰਾਂ ਵਿੱਚ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ ਸਨ। ਸੰਨ 1959 ਵਿੱਚ ਕਲਿਆਣ ਜੀ ਨੇ ਬਤੌਰ ਫ਼ਿਲਮ ਸੰਗੀਤਕਾਰ ਆਪਣੀ ਪਹਿਲੀ ਫ਼ਿਲਮ ‘ਸਮਰਾਟ ਚੰਦਰਗੁਪਤ’ ਕੀਤੀ ਸੀ ਜਿਸ ਵਿੱਚ ਮੁੰਹਮਦ ਰਫ਼ੀ ਅਤੇ ਲਤਾ ਮੰਗੇਸ਼ਕਰ ਦਾ ਗਾਇਆ ਗੀਤ ‘ਚਾਹੇ ਪਾਸ ਹੋ’ ਸੁਪਰਹਿੱਟ ਰਿਹਾ ਸੀ।

ਇਸ ਉਪਰੰਤ ਆਪਣੇ ਭਰਾ ਅਨੰਦ ਜੀ ਨਾਲ ਕਲਿਆਣ ਜੀ-ਅਨੰਦ ਜੀ ਦੀ ਜੋੜੀ ਬਣਾ ਕੇ ਸੰਨ 1959 ਵਿੱਚ ਹੀ ‘ਸੱਟਾ ਬਾਜ਼ਾਰ’ ਅਤੇ ‘ ਮਦਾਰੀ ‘ ਜਿਹੀਆਂ ਫ਼ਿਲਮਾਂ ਕੀਤੀਆਂ ਸਨ ਤੇ ਸੰਨ 1961 ਵਿੱਚ ਆਈ ‘ ਛਲੀਆ’ ਦੇ ਮਨਮੋਹਕ ਗੀਤਾਂ ਨੇ ਇਸ ਜੋੜੀ ਨੂੰ ਪਹਿਲੀ ਕਤਾਰ ਦੇ ਸੰਗੀਤਕਾਰਾਂ ਵਿੱਚ ਲਿਆ ਕੇ ਖੜਾ ਕਰ ਦਿੱਤਾ ਸੀ। ‘ਜਿਸਕਾ ਮੁਝੇ ਥਾ ਇੰਤਜ਼ਾਰ, ਮੈਂ ਪਿਆਸਾ ਤੁਮ ਸਾਵਨ, ਪਲ ਭਰ ਕੇ ਲੀਏ ਕੋਈ ਹਮੇਂ ਪਿਆਰ ਕਰ ਲੇ, ਸਾਰੇ ਸ਼ਹਿਰ ਮੇਂ ਆਪ ਸਾ ਕੋਈ ਨਹੀਂ, ਕਭੀ ਰਾਤ ਦਿਨ ਹਮ ਦੂਰ ਥੇ, ਯਾਰੀ ਹੈ ਈਮਾਨ ਮੇਰਾ’ ਆਦਿ ਜਿਹੇ ਗੀਤਾਂ ਲਈ ਸ਼ਾਨਦਾਰ ਸੰਗੀਤ ਸਿਰਜਣ ਵਾਲੇ ਕਲਿਆਣ ਜੀ ਨੂੰ ਇਹ ਮਾਣ ਦਿੱਤਾ ਜਾਂਦਾ ਹੈ ਕਿ ਇਨ੍ਹਾ ਨੇ ਮਨਹਰ ਉਦਾਸ, ਅਭਿਜੀਤ, ਉਦਿਤ ਨਰਾਇਣ, ਸਾਧਨਾ ਸਰਗਮ, ਅਨੁਰਾਧਾ ਪੌਂਡਵਾਲ, ਸਪਨਾ ਮੁਖਰਜੀ ਅਤੇ ਸੁਨਿਧੀ ਚੌਹਾਨ ਜਿਹੇ ਸੁਰੀਲੇ ਗਾਇਕਾਂ ਨੂੰ ਬਾਲੀਵੁੱਡ ਵਿੱਚ ਪ੍ਰਵੇਸ਼ ਕਰਵਾਇਆ ਸੀ ਤੇ ਕਮਰ ਜਲਾਲਾਬਾਦੀ, ਅਨੰਦ ਬਖ਼ਸ਼ੀ, ਗੁਲਸ਼ਨ ਬਾਵਰਾ, ਵਰਮਾ ਮਲਿਕ ਅਤੇ ਅੰਜਾਨ ਆਦਿ ਗੀਤਕਾਰਾਂ ਨੂੰ ਬਾਲੀਵੱਡ ਵਿੱਚ ਵੱਡੀ ਪਛਾਣ ਦਿਵਾਈ ਸੀ। 24 ਅਗਸਤ, 2000 ਨੂੰ ਕਅਿਲਾਣ ਜੀ ਦਾ ਦੇਹਾਂਤ ਹੋ ਗਿਆ ਸੀ। ਆਪਣੇ ਮਨਮੋਹਕ ਸੰਗੀਤ ਸਦਕਾ ਉਹ ਸਦਾ ਹੀ ਸਾਡੇ ਦਰਮਿਆਨ ਮੌਜੂਦ ਹਨ।

ਸੰਪਰਕ: 97816-46008

Share this Article
Leave a comment