ਏਅਰ ਇੰਡੀਆ ਜਹਾਜ਼ ਹਾਦਸਾ: ਬੋਇੰਗ ਵਲੋਂ ਜਾਂਚ ‘ਚ ਪੂਰੇ ਸਹਿਯੋਗ ਦਾ ਵਾਅਦਾ

Global Team
2 Min Read

ਅਹਿਮਦਾਬਾਦ ‘ਚ 12 ਜੂਨ, 2025 ਨੂੰ ਹੋਏ ਏਅਰ ਇੰਡੀਆ ਦੇ ਜਹਾਜ਼ ਹਾਦਸੇ ਸਬੰਧੀ ਜਹਾਜ਼ ਹਾਦਸੇ ‘ਚ ਜਾਂਚ ਬਿਊਰੋ (AAIB) ਵੱਲੋਂ ਸ਼ੁਰੂਆਤੀ ਜਾਂਚ ਰਿਪੋਰਟ ਜਾਰੀ ਕੀਤੀ ਗਈ ਹੈ। ਸ਼ਨੀਵਾਰ (12 ਜੁਲਾਈ, 2025) ਨੂੰ ਜਾਰੀ ਇਸ ਰਿਪੋਰਟ ਤੋਂ ਕੁਝ ਘੰਟਿਆਂ ਬਾਅਦ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਵੱਲੋਂ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਕੰਪਨੀ ਜਾਂਚ ਵਿੱਚ ਪੂਰਾ ਸਹਿਯੋਗ ਦੇਵੇਗੀ।

15 ਪੰਨਿਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਇੰਜਣਾਂ ਦੇ ਫਿਊਲ ਸਵਿੱਚ ਹਵਾ ਵਿੱਚ ਹੀ ‘ਬੰਦ’ ਹੋ ਗਏ ਸਨ, ਜਿਸ ਕਾਰਨ ਇੰਜਣਾਂ ਵਿੱਚ ਫਿਊਲ ਦੀ ਕਮੀ ਹੋ ਗਈ। ਇਸ ਨੂੰ ਹੁਣ ਜਾਂਚ ਦਾ ਮੁੱਖ ਬਿੰਦੂ ਮੰਨਿਆ ਜਾ ਰਿਹਾ ਹੈ।

ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਕੀ ਕਿਹਾ?

AAIB ਦੀ ਸ਼ੁਰੂਆਤੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਬੋਇੰਗ ਵੱਲੋਂ ਕਿਹਾ ਗਿਆ ਕਿ ਏਅਰ ਇੰਡੀਆ ਦੀ ਫਲਾਈਟ ਨੰਬਰ 171 ਵਿੱਚ ਸਵਾਰ ਯਾਤਰੀਆਂ ਅਤੇ ਕੈਬਿਨ ਕਰੂ ਦੇ ਅਜ਼ੀਜ਼ਾਂ ਦੇ ਨਾਲ-ਨਾਲ ਅਹਿਮਦਾਬਾਦ ਵਿੱਚ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਸਾਡੀਆਂ ਸੰਵੇਦਨਾਵਾਂ ਹਨ। ਅਸੀਂ ਜਾਂਚ ਅਤੇ ਆਪਣੇ ਗਾਹਕ ਦਾ ਸਮਰਥਨ ਜਾਰੀ ਰੱਖਾਂਗੇ।

ਜਹਾਜ਼ ਨਿਰਮਾਤਾ ਨੇ ਕਿਹਾ, “ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਸੰਗਠਨ ਦੇ ਪ੍ਰੋਟੋਕੋਲ ਦੇ ਤਹਿਤ ਅਸੀਂ AI171 ਬਾਰੇ AAIB ਨੂੰ ਹੀ ਜਾਣਕਾਰੀ ਦੇਵਾਂਗੇ।” ਬੋਇੰਗ ਨੇ ਇੱਕ ਵੱਖਰਾ ਬਿਆਨ ਵੀ ਜਾਰੀ ਕੀਤਾ, ਜਿਸ ਵਿੱਚ ਉਸ ਦੇ ਪ੍ਰਧਾਨ ਅਤੇ ਸੀਈਓ, ਕੈਲੀ ਓਰਟਬਰਗ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।

ਬੋਇੰਗ ਦੇ ਸੀਈਓ ਦਾ ਬਿਆਨ

ਓਰਟਬਰਗ ਨੇ ਕਿਹਾ, “ਮੈਂ ਏਅਰ ਇੰਡੀਆ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਪਣਾ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਬੋਇੰਗ ਦੀ ਇੱਕ ਟੀਮ ਭਾਰਤ ਦੇ ਜਹਾਜ਼ ਦੁਰਘਟਨਾ ਜਾਂਚ ਬਿਊਰੋ ਦੀ ਅਗਵਾਈ ਵਿੱਚ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ।”

ਏਅਰ ਇੰਡੀਆ ਦਾ ਬਿਆਨ

ਏਅਰ ਇੰਡੀਆ ਨੇ ਵੀ AAIB ਵੱਲੋਂ ਜਾਰੀ ਸ਼ੁਰੂਆਤੀ ਰਿਪੋਰਟ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਹਿੱਤਧਾਰਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਟਾਟਾ ਦੀ ਮਲਕੀਅਤ ਵਾਲੀ ਇਸ ਏਵੀਏਸ਼ਨ ਕੰਪਨੀ ਨੇ ਕਿਹਾ ਕਿ ਉਹ ਪੀੜਤਾਂ ਦੇ ਪਰਿਵਾਰਾਂ ਨਾਲ ਇਕਜੁਟਤਾ ਨਾਲ ਖੜ੍ਹੀ ਹੈ ਅਤੇ ਇਸ ਨੁਕਸਾਨ ‘ਤੇ ਸੋਗ ਪ੍ਰਗਟ ਕਰਦੀ ਹੈ।

Share This Article
Leave a Comment