ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਬਦਲੀਆਂ ਲਾਸ਼ਾਂ, ਪਰਿਵਾਰਕ ਮੈਂਬਰਾਂ ਨੇ ਕੀਤੀ ਭੰਨ-ਤੋੜ

Prabhjot Kaur
2 Min Read

ਲੁਧਿਆਣਾ : ਲੁਧਿਆਣਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਪਈਆਂ ਦੋ ਲਾਸ਼ਾਂ ਬਦਲ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਇੱਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਏ ਤੇ ਹਸਪਤਾਲ ਦੇ ਅੰਦਰ ਹੰਗਾਮਾ ਅਤੇ ਭੰਨ-ਤੋੜ ਵੀ ਕੀਤੀ ਹੈ।

ਦੱਸਣਯੋਗ ਹੈ ਕਿ 1 ਜਨਵਰੀ ਨੂੰ ਇੱਕ ਨੌਜਵਾਨ ਆਯੂਸ਼ਮਾਨ ਦੀ ਬਿਮਾਰੀ ਦੇ ਚੱਲਦਿਆਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਦੀ ਲਾਸ਼ ਹਸਪਤਾਲ ਦੀ ਮੌਰਚਰੀ ਵਿੱਚ ਸੁਰੱਖਿਅਤ ਰਖਵਾ ਦਿੱਤੀ ਗਈ ਸੀ ਕਿਉਂਕਿ ਉਸਦੀਆਂ ਭੈਣਾਂ ਅਤੇ ਭਰਾ ਆਦਿ ਨੇ ਵਿਦੇਸ਼ ਤੋਂ ਆਉਣਾ ਸੀ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਦੀ ਲਾਸ਼ ਮੋਰਜ਼ੂਰੀ ਵਿੱਚ ਪਈ ਸੀ, ਜਿਸਦੀ ਪੀਲੀਏ ਕਾਰਨ ਮੌਤ ਹੋ ਗਈ ਸੀ।

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪੀਲੀਏ ਨਾਲ ਮੌਤ ਹੋਣ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਆਏ ਪਰ ਗ਼ਲਤੀ ਨਾਲ ਉਨ੍ਹਾਂ ਨੂੰ ਉਸ ਨੌਜਵਾਨ ਦੀ ਲਾਸ਼ ਸੌਂਪ ਦਿੱਤੀ ਗਈ ਜਿਸਦੀ ਪਹਿਲੀ ਜਨਵਰੀ ਨੂੰ ਮੌਤ ਹੋਈ ਸੀ।

ਹਸਪਤਾਲ ਦਾ ਦਾਅਵਾ ਹੈ ਕਿ ਦੂਜੇ ਵਿਅਕਤੀ ਦੀ ਲਾਸ਼ ਲੈਣ ਆਏ ਪਰਿਵਾਰਕ ਮੈਂਬਰਾਂ ਤੋਂ ਲਾਸ਼ ਦੀ ਪਛਾਣ ਕਰਵਾਈ ਗਈ ਸੀ ਪਰ ਪਤਾ ਨਹੀਂ ਕਿਵੇਂ ਉਹ ਦੂਜੀ ਲਾਸ਼ ਲੈ ਗਏ ਅਤੇ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ। ਹੁਣ ਜਦ ਭਰਾ, ਭੈਣ ਆਦਿ ਵਿਦੇਸ਼ ਤੋਂ ਆ ਜਾਣ ਬਾਅਦ ਪਹਿਲੀ ਜਨਵਰੀ ਨੂੰ ਬਿਮਾਰੀ ਨਾਲ ਮਰੇ ਨੌਜਵਾਨ ਦੀ ਲਾਸ਼ ਲੈਣ ਲਈ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰਕ ਜੀਅ ਦੀ ਲਾਸ਼ ਨਹੀਂ ਮਿਲੀ ਜਿਸ ‘ਤੇ ਹੰਗਾਮਾ ਹੋ ਗਿਆ।

- Advertisement -

ਪਰਿਵਰਕ ਮੈਂਬਰਾਂ ਦਾ ਦੋਸ਼ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਲਾਸ਼ ਵੇਚ ਦਿੱਤੀ ਹੈ। ਇਸ ਦੇ ਚੱਲਦਿਆਂ ਹੰਗਾਮੇ ਦੇ ਨਾਲ ਨਾਲ ਹਸਪਤਾਲ ਵਿੱਚ ਭੰਨ-ਤੋੜ ਦੀ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਹਾਲੇ ਤਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਲਾਸ਼ ਵੇਚੀ ਗਈ ਹੋਵੇ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment