ਕਰੋਨਾ ਵਾਇਰਸ – ਖ਼ੂਨਦਾਨ ਬਚਾਵੇ ਜਾਨ

TeamGlobalPunjab
7 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

 

ਅੱਜ ਵਿਸ਼ਵ ਖ਼ੂਨਦਾਨ ਦਿਵਸ ਦਾ ਮਹੱਤਵ ਬਹੁਤ ਜ਼ਿਆਦਾ ਹੈ ਕਿਉਂਕਿ ਭਾਰਤ ਸਮੇਤ ਦੁਨੀਆ ਦੇ ਅਨੇਕਾਂ ਦੇਸ਼ ਕਰੋਨਾ ਵਾਇਰਸ ਨਾਲ ਜੰਗ ਲੜ ਰਹੇ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਕਰੋਨਾ ਪੀੜਤ ਮਰੀਜ਼ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ ਤੇ ਉਨ੍ਹਾ ਵਿੱਚੋਂ ਅਨੇਕਾਂ ਨੂੰ ਵੱਖ ਵੱਖ ਕਾਰਨਾਂ ਕਰਕੇ ਖ਼ੂਨ ਦੀ ਜ਼ਰੂਰਤ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਖ਼ੂਨ ਦੀ ਮੰਗ ਅਤੇ ਸਪਲਾਈ ਦਰਮਿਆਨ ਪਹਿਲਾਂ ਹੀ ਵਕਫ਼ਾ ਚੱਲ ਰਿਹਾ ਸੀ, ਸਥਿਤੀ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਦੁਨੀਆ ਭਰ ਵਿੱਚ ਹਰ ਸਾਲ ਖ਼ੂਨ ਦੇ 113 ਮਿਲੀਅਨ ਯੂਨਿਟ ਇਕੱਤਰ ਕੀਤੇ ਜਾਂਦੇ ਹਨ। ਭਾਰਤ ਵਿੱਚ 12 ਮਿਲੀਅਨ ਯੂਨਿਟ ਖ਼ੂਨ ਦੀ ਜ਼ਰੂਰਤ ਹਰ ਸਾਲ ਪੈਂਦੀ ਹੈ ਜਿਸ ਵਿੱਚੋਂ ਸਾਲ 2016 ਤੱਕ 10.9 ਮਿਲੀਅਨ ਯੂਨਿਟ ਖ਼ੂਨ ਖ਼ੂਨਦਾਨੀਆਂ ਰਾਹੀਂ ਦਾਨ ਵਿੱਚ ਦਿੱਤਾ ਜਾਂਦਾ ਸੀ ਜਦੋਂ ਕਿ ਉਸ ਤੋਂ ਠੀਕ ਦਸ ਸਾਲ ਪਹਿਲਾਂ ਖ਼ੂਨ ਦੀ ਲੋੜੀਂਦੀ ਮਾਤਰਾ ਦਾ ਕੇਵਲ 54 ਫ਼ੀਸਦੀ ਹੀ ਸਵੈਇੱਛਾ ਨਾਲ ਮੁਫ਼ਤ ਖ਼ੂਨਦਾਨ ਕਰਨ ਵਾਲੇ ਦਾਨੀਆਂ ਤੋਂ ਆਉਂਦਾ ਸੀ।

ਵਿਸ਼ਵ ਪੱਧਰ ‘ਤੇ ਖ਼ੂਨਦਾਨ ਦਿਵਸ ਮਨਾਉਣ ਦੀ ਸ਼ੁਰੂਆਤ ਸਾਲ 2004 ਵਿੱਚ 14 ਜੂਨ ਦੇ ਦਿਨ ਕੀਤੀ ਗਈ ਸੀ। ਇਸ ਦਿਨ ਦੀ ਚੋਣ ਨੋਬਲ ਇਨਾਮ ਜੇਤੂ ਵਿਗਿਆਨੀ ਕਾਰਲ ਲੈਂਡਸਟੇਨਰ ਦੇ 14 ਜੂਨ, 1868 ਦੇ ਜਨਮ ਵਾਲੇ ਦਿਨ ਨੂੰ ਸਦੀਵੀ ਤੌਰ ‘ਤੇ ਯਾਦਗਾਰੀ ਬਣਾਉਣ ਲਈ ਕੀਤੀ ਗਈ ਸੀ। ਚੇਤੇ ਰਹੇ ਕਿ ਕਾਰਲ ਲੈਂਡਸਟੇਨਰ ਉਹ ਮਹਾਨ ਵਿਗਿਆਨੀ ਸੀ ਜਿਸਨੇ ਖ਼ੂਨ ਦੇ ਏ,ਬੀ ਅਤੇ ਓ ਆਦਿ ਗਰੁੱਪਾਂ ਦੀ ਖੋਜ ਕੀਤੀ ਸੀ। ਸਾਲ 2018 ਵਿੱਚ ਵਿਸ਼ਵ ਸਿਹਤ ਸੰਗਠਨ ਅਤੇ ਰੈੱਡ ਕਰਾਸ ਨੇ ਇਸ ਦਿਵਸ ਲਈ ‘ ਖ਼ੂਨਦਾਨ ਕਰੋ,ਜੀਵਨ ਬਚਾਓ ’ ਦਾ ਥੀਮ ਨਿਰਧਾਰਤ ਕੀਤਾ ਸੀ ਜਦੋਂ ਕਿ ਸਾਲ 2019 ਲਈ ‘ ਸੇਫ਼ ਬਲੱਡ ਫਾਰ ਆਲ’ ਦਾ ਥੀਮ ਦਿੱਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ ਦਾ ਟੀਚਾ ਹੈ ਕਿ ਸਾਲ 2021 ਦੇ ਅੰਤ ਤੱਕ ਦੁਨੀਆ ਦੇ ਹਰੇਕ ਮੁਲਕ ਨੂੰ ਲੋੜੀਂਦੇ ਖ਼ੂਨ ਦੀ ਪ੍ਰਾਪਤੀ ਸਵੈਇੱਛਾ ਨਾਲ ਤੇ ਮੁਫ਼ਤ ਖ਼ੂਨ ਦੇਣ ਵਾਲੇ ਦਾਨੀਆਂ ਰਾਹੀਂ ਹੋ ਜਾਵੇ। ਸਾਲ 2014 ਦੇ ਅੰਕੜਿਆਂ ਅਨੁਸਾਰ ਉਸ ਵੇਲੇ ਤੱਕ ਕੇਵਲ 60 ਦੇਸ਼ ਹੀ ਮੁਕੰਮਲ ਤੌਰ ‘ਤੇ ਖ਼ੂਨਦਾਨੀਆਂ ਰਾਹੀਂ ਲੋੜੀਂਦੀ ਮਾਤਰਾ ਵਿੱਚ ਖ਼ੂਨ ਪ੍ਰਾਪਤ ਕਰਨ ‘ਚ ਸਫ਼ਲ ਰਹੇ ਸਨ ਜਦੋਂ ਕਿ 75 ਦੇਸ਼ ਉਸ ਵੇਲੇ ਵੀ ਖ਼ੂਨ ਦੀ ਲੋੜੀਂਦੀ ਮਾਤਰਾ ਲਈ ਜੂਝ ਰਹੇ ਸਨ।

- Advertisement -

ਵਿਸ਼ਵ ਪੱਧਰ ‘ਤੇ ਇਸ ਦਿਵਸ ਨੂੰ ਮਨਾਉਣ ਦਾ ਮੰਤਵ ਸਵੈਇੱਛਾ ਨਾਲ ਤੰਦਰੁਸਤ ਖ਼ੂਨ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਤੇ ਇਹ ਸਮਝਾਉਣਾ ਹੈ ਕਿ ਉਨ੍ਹਾ ਦੇ ਛੋਟੇ ਜਿਹੇ ਯੋਗਦਾਨ ਸਦਕਾ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਖ਼ਾਸ ਕਰਕੇ ਥੈਲਾਸੀਮੀਆਂ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਮਰੀਜ਼ਾਂ,ਦੁਰਘਟਨਾਗ੍ਰਸਤ ਹੋਏ ਵਿਅਕਤੀਆਂ ਅਤੇ ਆਪ੍ਰੇਸ਼ਨ ਦੀ ਮੇਜ਼ ‘ਤੇ ਪਏ ਮਰੀਜ਼ਾਂ ਦੀਆਂ ਜਾਨਾਂ। ਇਹ ਦਿਨ ਦੁਨੀਆ ਦੇ ਸਮੂਹ ਖ਼ੂਨਦਾਨੀਆਂ ਨੂੰ ਸਲਾਮ ਕਰਨ ਤੇ ਸ਼ਾਬਾਸ਼ ਦੇਣ ਦਾ ਦਿਨ ਵੀ ਹੈ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਖ਼ੂਨ ਨੂੰ ਗ਼ੈਰਕੁਦਰਤੀ ਢੰਗ ਨਾਲ ਬਣਾਉਣ ਵਿੱਚ ਅਜੇ ਪੂਰੀ ਸਫ਼ਲਤਾ ਨਹੀਂ ਮਿਲੀ ਹੈ ਇਸ ਲਈ ਦੁਨੀਆ ਨੂੰ ਅਜਿਹੇ ਕਰੋੜਾਂ ਬਹਾਦਰ ਯੋਧਿਆਂ ਦੀ ਲੋੜ ਹੈ ਜੋ ਨਿਸ਼ਕਾਮ ਭਾਵ ਨਾਲ ਖ਼ੂਨਦਾਨ ਕਰਕੇ ਮੌਤ ਨਾਲ ਜੰਗ ਲੜ ਰਹੇ ਮਰੀਜ਼ਾਂ ਦੀ ਮਦਦ ਕਰਕੇ ਉਨ੍ਹਾ ਨੂੰ ਮੌਤ ਦੇ ਮੂੰਹ ‘ਚੋਂ ਵਾਪਿਸ ਲੈ ਆਉਣ। ਇਹ ਮੰਨਿਆ ਜਾਂਦਾ ਹੈ ਕਿ ਸਧਾਰਨ ਹਾਲਤਾਂ ਵਿੱਚ ਇੱਕ ਤੰਦਰੁਸਤ ਵਿਅਕਤੀ ਤੋਂ 350 ਮਿਲੀਲੀਟਰ ਖ਼ੂਨ ਦਾਨ ਵਜੋਂ ਲਿਆ ਜਾ ਸਕਦਾ ਹੈ ਤੇ ਲਏ ਗਏ ਖ਼ੂਨ ਦੀ ਸ਼ੈਲਫ਼ ਲਾਈਫ਼ 35 ਤੋਂ 42 ਦਿਨ ਹੁੰਦੀ ਹੈ ਅਤੇ 18 ਤੋਂ 65 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ।

ਖ਼ੂਨਦਾਨ ਅਤੇ ਖ਼ੂਨ ਦੀ ਸੰਭਾਲ ਲਈ ਭਾਰਤ ਵਿੱਚ ਨੈਸ਼ਨਲ ਬਲੱਡ ਟਰਾਂਸਫਿਊਜ਼ਨ ਕੌਂਸਲ ਅਤੇ ਈ-ਰਕਤਕੋਸ਼ ਨਾਮਕ ਸੰਗਠਨ ਕੰਮ ਕਰਦੇ ਹਨ ਜੋ ਕਿ ਬਲੱਡ ਬੈਂਕਾਂ ਦੀ ਕਾਰਜ ਪ੍ਰਣਾਲੀ ਦੀ ਦੇਖਰੇਖ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਇਨ੍ਹਾ ਤੋਂ ਇਲਾਵਾ ਵੱਖ ਵੱਖ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਸਮੇਂ ਸਮੇਂ ‘ਤੇ ਖ਼ੂਨਦਾਨ ਕੈਂਪ ਲਗਾ ਕੇ ਅਤੇ ਖ਼ੂਨ ਇਕੱਤਰ ਕਰਕੇ ਲੋੜਵੰਦਾਂ ਤੱਕ ਪੰਹੁਚਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਖ਼ੂਨਦਾਨ ਦਾ ਪ੍ਰਚਲਨ ਸੰਨ 1942 ਵਿੱਚ ਕਲਕੱਤਾ ਤੋਂ ਸ਼ੁਰੂ ਹੋਇਆ ਸੀ। ਉਸ ਵੇਲੇ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਤੇ ਜ਼ਖ਼ਮੀ ਸੈਨਿਕਾਂ ਲਈ ਖ਼ੂਨ ਦੀ ਲੋੜ ਸੀ ਇਸ ਵਾਸਤੇ ਰੈੱਡਕਰਾਸ ਦੇ ੳੁੱਦਮ ਨਾਲ ਕਲਕੱਤਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਹਾਈਜੀਨ ਐਂਡ ਪਬਲਿਕ ਹੈਲਥ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਅਧਿਕਤਰ ਸਰਕਾਰੀ ਕਰਮਚਾਰੀਆਂ ਨੇ ਤੇ ਕੁਝ ਇੱਕ ਐਂਗਲੋ-ਇੰਡੀਅਨ ਲੋਕਾਂ ਨੇ ਖ਼ੂਨਦਾਨ ਕੀਤਾ ਸੀ। ਯੁੱਧ ਖ਼ਤਮ ਹੋਣ ਤੋਂ ਬਾਅਦ ਲੋਕਾਂ ਨੇ ਖ਼ੂਨਦਾਨ ਕਰਨਾ ਘੱਟ ਕਰ ਦਿੱਤਾ ਸੀ ਤੇ ਖ਼ੂਨਦਾਨੀਆਂ ਨੇ ਖ਼ੂਨ ਦੇ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਸਨ। ਮੁੰਬਈ ਦੀ ਲੀਲਾ ਮਾਲਗਾਉਂਕਰ ਨਾਮਕ ਸਮਾਜ ਸੇਵਿਕਾ ਉਹ ਪਹਿਲੀ ਇਸਤਰੀ ਸੀ ਜਿਸਨੇ ਸੰਨ 1954 ਵਿੱਚ ਭਾਰਤ ਵਿੱਚ ਸਵੈ-ਇੱਛਕ ਖ਼ੂਨਦਾਨ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਪ੍ਰੇਰਿਤ ਹੋ ਕੇ ਸੰਨ 1960 ਤੱਕ ਭਾਰਤ ਵਿੱਚ ਕਈ ਸਾਰੇ ਬਲੱਡ ਬੈਂਕ ਹੋਂਦ ਵਿੱਚ ਆ ਗਏ ਸਨ।

ਸ੍ਰੀ ਜੇ.ਜੀ.ਜੌਲੀ ਜੋ ਕਿ ਇੰਡੀਅਨ ਸੁਸਾਇਟੀ ਆਫ਼ ਬਲੱਡ ਟਰਾਂਸਫ਼ਿਊਜ਼ਨ ਦੇ ਮੁਖੀ ਸਨ, ਨੇ ਸੰਨ 1975 ਵਿੱਚ ਇਹ ਐਲਾਨ ਕੀਤਾ ਸੀ ਕਿ 1 ਅਕਤੂਬਰ ਦੇ ਦਿਨ ਦੇਸ਼ ਭਰ ਵਿੱਚ ਖ਼ੂਨਦਾਨ ਦਿਵਸ ਮਨਾਇਆ ਜਾਵੇਗਾ ਤੇ ਇਸ ਮਿਤੀ ਨੂੰ ਇਹ ਦਿਨ ਮਨਾਇਆ ਵੀ ਗਿਆ ਸੀ ਤੇ ਉਸ ਵਰ੍ਹੇ ਤੋਂ ਲੈ ਕੇ ਹੁਣ ਤੱਕ ਇਸ ਦਿਨ ਦੇਸ਼ ਭਰ ਵਿੱਚ ਖ਼ੂਨਦਾਨ ਕੈਂਪ ਲਗਾਏ ਜਾਂਦੇ ਹਨ ਤੇ ਲਿਆ ਗਿਆ ਖ਼ੂਨ ਲੋੜਵੰਦਾਂ ਤੱਕ ਪਹੁੰਚਾ ਕੇ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਜਾਂਦੀਆਂ ਹਨ। ਇਹ ਵੀ ਜ਼ਿਕਰਯੋਗ ਹੈ ਕਿ ਸੰਨ 1996 ਵਿੱਚ ਸੁਪਰੀਮ ਕੋਰਟ ਵਿੱਚ ਲੋਕ ਹਿੱਤ ਪਟੀਸ਼ਨ ਦਾਇਰ ਕਰਕੇ ਖ਼ੂਨ ਵੇਚਣ ਦੀ ਪ੍ਰਥਾ ਖ਼ਤਮ ਕਰਨ ਦੀ ਮੰਗ ਕੀਤੀ ਗਈ ਸੀ ਤੇ ਬਾਅਦ ਵਿੱਚ ਹੋਂਦ ਵਿੱਚ ਆਏ ਨੈਸ਼ਨਲ ਬਲੱਡ ਟਰਾਂਸਫਿਊਜ਼ਨ ਐਕਟ-2007 ਤਹਿਤ ਖ਼ੂਨ ਨੂੰ ਵੇਚਣਾ ਜਾਂ ਪੈਸੇ ਲੈ ਕੇ ਖ਼ੂਨਦਾਨ ਕਰਨਾ ਇੱਕ ਜੁਰਮ ਹੈ ਜਿਸਦੇ ਲਈ ਦੋਸ਼ੀ ਪਾਏ ਗਏ ਵਿਅਕਤੀ ਨੂੰ ਤਿੰਨ ਮਹੀਨੇ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਅਦਾ ਕਰਨਾ ਪੈ ਸਕਦੇ ਹਨ।

ਮੋਬਾਇਲ: 97816-46008

Share this Article
Leave a comment