ਕਾਬੁਲ : ਦੱਖਣੀ ਅਫਗਾਨਿਸਤਾਨ ਵਿਚ ਸ਼ੁੱਕਰਵਾਰ ਦੀ ਹਫ਼ਤਾਵਾਰੀ ਨਮਾਜ਼ ਦੌਰਾਨ ਇੱਕ ਮਸਜਿਦ ਵਿੱਚ ਧਮਾਕਾ ਹੋਣ ਦੀ ਖ਼ਬਰ ਹੈ। ਇਸ ਮਸਜਿਦ ਵਿੱਚ ਆਮ ਤੌਰ ‘ਤੇ ਸ਼ਰਧਾਲੂਆਂ ਦੀ ਵੱਡੀ ਭੀੜ ਸ਼ਾਮਲ ਹੁੰਦੀ ਹੈ।ਤਾਲਿਬਾਨ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਕੰਧਾਰ ਮਸਜਿਦ ਵਿਚ ਅੱਜ ਹੋਏ ਬੰਬ ਧਮਾਕੇ ‘ਚ 16 ਲੋਕ ਮਾਰੇ ਗਏ ਅਤੇ ਕਰੀਬ 40 ਹੋਰ ਜ਼ਖਮੀ ਹੋ ਗਏ।
Local officials told TOLOnews that 16 people were killed and nearly 40 others were injured in today’s bombing attack on the Kandahar mosque.#TOLOnews pic.twitter.com/s5slQpGxMJ
— TOLOnews (@TOLOnews) October 15, 2021
ਸਥਾਨਕ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸ਼ੁੱਕਰਵਾਰ ਨੂੰ ਦੱਖਣੀ ਕੰਧਾਰ ਸੂਬੇ ਦੀ ਮਸਜਿਦ ਇਮਾਮ ਬਰਗਾ ਵਿੱਚ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ। ਹਸਪਤਾਲ ਦੇ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਤਾਲਿਬਾਨੀ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਦੇਸ਼ ਦੇ ਉੱਤਰ ਵਿਚ ਇਸੇ ਤਰ੍ਹਾਂ ਦੇ ਹਮਲੇ ਦੇ ਇਕ ਹਫ਼ਤੇ ਬਾਅਦ ਦੱਖਣੀ ਸੂਬੇ ਕੰਧਾਰ ਦੀ ਇੱਕ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਨੇ ਹੋਰ ਵੇਰਵੇ ਨਹੀਂ ਦਿੱਤੇ ਅਤੇ ਕਿਹਾ ਕਿ ਜਾਂਚ ਜਾਰੀ ਹੈ।
ਇਹ ਤੁਰੰਤ ਸਪਸ਼ੱਟ ਨਹੀਂ ਹੋ ਸਕਿਆ ਕਿ ਹਮਲੇ ਨੂੰ ਕਿਸ ਨੇ ਅੰਜਾਮ ਦਿੱਤਾ। ਹਾਲੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।ਇਸ ਮਸਜਿਦ ਵਿੱਚ ਸ਼ੀਆ ਘੱਟ ਗਿਣਤੀ ਅਕਸਰ ਆਉਂਦੇ ਹਨ, ਜਿਨ੍ਹਾਂ ਨੂੰ ਇਸਲਾਮਿਕ ਸਟੇਟ ਸਮੂਹ ਦੁਆਰਾ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ।
ਪਿਛਲੇ ਹਫ਼ਤੇ ਆਈਐਸ ਨੇ ਦਾਅਵਾ ਕੀਤਾ ਸੀ ਕਿ ਉੱਤਰੀ ਸੂਬੇ ਕੁੰਦੂਜ਼ ਵਿੱਚ ਇੱਕ ਸ਼ੀਆ ਮਸਜਿਦ ਦੇ ਅੰਦਰ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ਵਿੱਚ 46 ਲੋਕ ਮਾਰੇ ਗਏ।