ਨਿਊਜ਼ ਡੈਸਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇਨਸਾਫ਼ ਨਾ ਮਿਲਣ ਤੋਂ ਦੁਖੀ ਹੋ ਕੇ ਇਸ ਵਾਰ ਪਿੰਡ ਮੂਸੇਵਾਲਾ ਦੇ ਲੋਕ ਕਾਲੀ ਦੀਵਾਲੀ ਮਨਾਉਣਗੇ । ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਅਤੇ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਪਿੰਡ ਮੂਸੇਵਾਲਾ ਵਿੱਚ ਦੀਵਾਲੀ ਨਹੀਂ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬੀਆਂ ਅਤੇ ਪਿੰਡ ਦਾ ਮਾਣ ਸਨ। ਉਸਦੇ ਕਤਲ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਹਰ ਰੋਜ਼ ਸੈਂਕੜੇ ਲੋਕ ਉਸ ਦੀ ਸਮਾਧ ‘ਤੇ ਆਉਂਦੇ ਹਨ। ਪਿੰਡ ਵੱਲੋਂ ਗੁਰਦੁਆਰਾ ਸਾਹਿਬ ਤੋਂ ਐਲਾਨ ਕੀਤਾ ਗਿਆ ਹੈ ਕਿ ਇਸ ਵਾਰ ਦੀ ਦੀਵਾਲੀ ਪਿੰਡ ‘ਚ ਕਾਲੀ ਦੀਵਾਲੀ ਹੋਵੇਗੀ।
ਉਹ ਕਾਲੀਆਂ ਪੱਟੀਆਂ ਬੰਨ੍ਹ ਕੇ ਬੈਠਣਗੇ। ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣਗੇ ਕਿ ਸਿੱਧੂ ਨੂੰ ਇਨਸਾਫ਼ ਦਿਵਾਇਆ ਜਾਵੇ। ਮੂਸੇਵਾਲਾ ਦੇ ਮਾਤਾ-ਪਿਤਾ ਵੀ ਆਪਣੇ ਬੇਟੇ ਨੂੰ ਇਨਸਾਫ ਨਾ ਮਿਲਣ ‘ਤੇ ਨਾਰਾਜ਼ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਸਾਨੂੰ ਕਿਸੇ ਸਰਕਾਰ ਜਾਂ ਪੁਲਿਸ ਤੋਂ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਹੈ। ਸਰਕਾਰ ਕਾਰਵਾਈ ਕਰਨ ਦੀ ਬਜਾਏ ਦਿਖਾਵਾ ਕਰ ਰਹੀ ਹੈ। ਪੰਜਾਬ ਪੁਲਿਸ ਗੈਂਗਸਟਰਾਂ ਦੇ ਫਰਜ਼ੀ ਰਿਮਾਂਡ ਲੈ ਕੇ ਡਰਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਗੈਂਗਸਟਰ ਦਾ ਫਰਾਰ ਹੋਣਾ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਗੈਂਗਸਟਰਾਂ ਨਾਲ ਫੋਟੋਆਂ ਖਿਚਵਾਉਣਾ ਸਾਬਤ ਕਰਦਾ ਹੈ ਕਿ ਪੁਲਿਸ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੰਭੀਰ ਨਹੀਂ ਹੈ।
ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ ਦੀ ਸੁਰੱਖਿਆ ਦਾ ਮਾਮਲਾ ਲੀਕ ਕਰਨ ਵਾਲੇ ਬਲਤੇਜ ਪੰਨੂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਬਲਤੇਜ ਪੰਨੂ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ।ਆਮ ਆਦਮੀ ਦੀ ਗੱਲ ਕਰਨ ਵਾਲੀ ਸਰਕਾਰ ਦੇ ਸ਼ਾਸਨ ਵਿੱਚ ਆਮ ਆਦਮੀ ਦੀ ਸੁਰੱਖਿਆ ਗਾਇਬ ਹੈ। ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਵਿੱਚੋਂ ਕਿਸੇ ਨੇ ਵੀ ਮੂਸੇਵਾਲਾ ਕਤਲ ਕਾਂਡ ਵਿੱਚ ਮੂੰਹ ਨਹੀਂ ਖੋਲ੍ਹਿਆ ਕਿਉਂਕਿ ਉਹ ਆਪਣੀਆਂ ਕੁਰਸੀਆਂ ਨੂੰ ਪਿਆਰ ਕਰਦੇ ਹਨ।