ਭਾਜਪਾ ਪੰਜਾਬ ਵਿੱਚ ਬਦਲਾਅ ਲਿਆਵੇਗੀ: ਬੀ.ਐਲ. ਸੰਤੋਸ਼

Global Team
3 Min Read

ਪਟਿਆਲਾ: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐੱਲ. ਸੰਤੋਸ਼ ਪੰਜਾਬ ਦੇ ਦੋ ਦਿਨਾ ਸੰਗਠਨਾਤਮਕ ਦੌਰੇ ’ਤੇ ਸੋਮਵਾਰ ਨੂੰ ਪਟਿਆਲਾ ਪਹੁੰਚ ਗਏ ਹਨ। ਪਾਰਟੀ ਆਗੂਆਂ ਦੀਆਂ ਬੈਠਕਾਂ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਧਿਰ ਨਾਲ ਗੱਠਜੋੜ ਦੀਆਂ ਸਾਰੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਕੇਵਲ ਢਿੱਲੋਂ ਨੇ ਐਲਾਨ ਕੀਤਾ ਕਿ ਭਾਜਪਾ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਾਰਟੀ ਆਪਣੇ ਦਮ ’ਤੇ ਇਕੱਲਿਆਂ ਚੋਣ ਲੜੇਗੀ।

ਆਪਣੇ ਦੌਰੇ ਦੌਰਾਨ ਬੀ.ਐਲ. ਸੰਤੋਸ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਭਾਜਪਾ ਆਗੂਆਂ ਅਤੇ ਸੰਗਠਨ ਦੇ ਅਹੁਦੇਦਾਰਾਂ ਨਾਲ ਖੇਤਰੀ ਬੈਠਕਾਂ ਰਾਹੀਂ ਸੰਗਠਨ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਇਨ੍ਹਾਂ ਬੈਠਕਾਂ ਵਿੱਚ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਅਤੇ ਸੂਬੇ ਦੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਪਹੁੰਚਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਬੀ.ਐਲ. ਸੰਤੋਸ਼ ਨੇ ਅੱਜ ਪਟਿਆਲਾ ਅਤੇ ਬਠਿੰਡਾ ਵਿੱਚ ਸੰਗਠਨ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੀਤੀ। 25 ਅਗਸਤ ਨੂੰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਖੇਤਰੀ ਬੈਠਕਾਂ ਹੋਣਗੀਆਂ। ਅੰਮ੍ਰਿਤਸਰ ਵਿੱਚ ਸੂਬਾ ਜਨਰਲ ਸਕੱਤਰਾਂ ਨਾਲ ਇੱਕ ਵੱਖਰੀ ਬੈਠਕ ਵੀ ਹੋਵੇਗੀ।

ਪਾਰਟੀ ਦੇ ਇੱਕ ਸੀਨੀਅਰ ਆਗੂ ਅਨੁਸਾਰ, ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਪੁਰਾਣੇ ਰਵਾਇਤੀ ਵਰਕਰਾਂ ਅਤੇ ਦੂਜੀਆਂ ਪਾਰਟੀਆਂ ’ਚੋਂ ਆਏ ਆਗੂਆਂ ਨੂੰ ਇੱਕਜੁੱਟ ਰੱਖਣਾ ਹੈ।

ਚੰਡੀਗੜ੍ਹ ਏਅਰਪੋਰਟ ’ਤੇ ਕੇਵਲ ਢਿੱਲੋਂ ਅਤੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਨਰਿੰਦਰ ਸਿੰਘ ਰੈਨਾ ਨੇ ਸੰਤੋਸ਼ ਦਾ ਸਵਾਗਤ ਕੀਤਾ। ਆਪਣੇ ਦੌਰੇ ਦੌਰਾਨ ਸੰਤੋਸ਼ ਪੰਜਾਬ ਭਰ ਦੇ ਪਾਰਟੀ ਅਹੁਦੇਦਾਰਾਂ ਨਾਲ ਜ਼ੋਨਲ ਬੈਠਕਾਂ ਕਰਕੇ ਸੰਗਠਨ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨਗੇ। ਸੋਮਵਾਰ ਨੂੰ ਉਹ ਪਟਿਆਲਾ ਅਤੇ ਬਠਿੰਡਾ ਵਿਖੇ ਅਹਿਮ ਬੈਠਕਾਂ ਦੀ ਅਗਵਾਈ ਕਰਨਗੇ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਚੋਣਾਂ, ਵੋਟਰ ਰਜਿਸਟ੍ਰੇਸ਼ਨ ਅਤੇ ਅਧਿਕਾਰਤ ਨਿਯਮਾਂ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਤੁਸੀਂ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਜਾ ਸਕਦੇ ਹੋ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment