ਜਗਤਾਰ ਸਿੰਘ ਸਿੱਧੂ
ਭਾਜਪਾ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਲਈ ਡੱਟਕੇ ਲੜਨ ਦਾ ਪੂਰੇ ਮੁਲਕ ਨਾਲੋਂ ਵੱਖਰਾ ਤਜ਼ੁਰਬਾ ਕਰ ਰਹੀ ਹੈ। ਅਕਸਰ ਭਾਜਪਾ ਵਿਧਾਨ ਸਭਾ ਚੋਣਾਂ ਲਈ ਡਬਲ ਇੰਜਣ ਸਰਕਾਰ ਦੇ ਚੰਗੇ ਨਤੀਜਿਆਂ ਦਾ ਦਾਅਵਾ ਕਰਦੀ ਹੈ । ਵੋਟਰਾਂ ਨੂੰ ਕਿਹਾ ਜਾਂਦਾ ਹੈ ਕਿ ਡਬਲ ਇੰਜਣ ਸਰਕਾਰ ਆਏਗੀ ਤਾਂ ਸੂਬੇ ਦਾ ਵਿਕਾਸ ਹੋਵੇਗਾ ਅਤੇ ਹਰ ਵਰਗ ਦੇ ਲੋਕਾਂ ਲਈ ਰਿਆਇਤਾਂ ਦਾ ਭਰੋਸਾ ਅਤੇ ਅਮਲਾਂ ਦਾ ਵਾਅਦਾ ਕੀਤਾ ਜਾਂਦਾ ਹੈ । ਪੰਜਾਬ ਅਜਿਹਾ ਸੂਬਾ ਹੈ ਜਿਥੇ ਹੋ ਰਹੀਆਂ ਜਿਮਨੀ ਚੋਣਾਂ ਲਈ ਭਾਜਪਾ ਡਬਲ ਇੰਜਣ ਦੇ ਤਜ਼ੁਰਬੇ ਨੂੰ ਛੱਡਕੇ ਬਗੈਰ ਇੰਜਣ ਦੇ ਹੀ ਗੱਡੀ ਚਲਾ ਰਹੀ ਹੈ ਅਤੇ ਬਗੈਰ ਇੰਜਣ ਦੇ ਗੱਡੀ ਦੇ ਚੰਗੇ ਨਤੀਜੇ ਆਉਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਆਪਾਂ ਨੂੰ ਪਤਾ ਹੈ ਕਿ ਪੰਜਾਬ ਵਿਚ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਹੈ। ਇਸ ਤਰਾਂ ਸਰਕਾਰ ਦੇ ਲਿਹਾਜ ਨਾਲ ਤਾਂ ਭਾਜਪਾ ਚਾਰ ਸੀਟਾਂ ਦੇ ਨਜਰੀਏ ਨਾਲ ਡਬਲ ਇੰਜਣ ਦਾ ਦਾਅਵਾ ਤਾਂ ਕਰੇਗੀ ਨਹੀਂ ਪਰ ਰਾਜਸੀ ਪਹਿਲੂ ਨਾਲ ਗੱਲ ਕੀਤੀ ਜਾਵੇ ਤਾਂ ਪਾਰਟੀ ਦਾ ਪ੍ਰਧਾਨ ਵੀ ਤਾਂ ਪਾਰਟੀ ਦਾ ਇੰਜਣ ਹੀ ਹੁੰਦਾ ਹੈ ਜਿਹੜਾ ਕਿ ਪਾਰਟੀ ਦੀ ਗੱਡੀ ਨੂੰ ਚਲਾਉਂਦਾ ਹੈ। ਬੱਸ! ਇਹ ਹੀ ਨੁਕਤਾ ਹੈ ਜਿਥੇ ਭਾਜਪਾ ਨੇ ਬਗੈਰ ਇੰਜਣ ਦੇ ਗੱਡੀ ਚਲਾਉਣ ਦਾ ਤਜ਼ੁਰਬਾ ਕੀਤਾ ਹੈ। ਭਾਜਪਾ ਇਸ ਵੇਲੇ ਮੁਲਕ ਵਿਚ ਸਭ ਤੋਂ ਅਨੁਸ਼ਾਸਨ ਵਾਲੀ ਪਾਰਟੀ ਹੈ।ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿ ਬਗੈਰ ਇੰਜਣ ਦੇ ਗੱਡੀ ਚਲਾਉਣ ਦਾ ਹੇਠਲਿਆਂ ਨੇ ਹੀ ਆਪਣੇ ਆਪ ਫੈਸਲਾ ਲੈ ਲਿਆ ਹੋਵੇ । ਜਦੋਂ ਪਾਰਟੀ ਕੋਲ ਤਾਕਤਵਰ ਇੰਜਣ ਵੀ ਹੋਵੇ ਅਤੇ ਫਿਰ ਵੀ ਪਾਰਟੀ ਦੀ ਗੱਡੀ ਅੱਗੇ ਇੰਜਣ ਨਜਰ ਨਾ ਆਵੇ ਤਾਂ ਪੰਜਾਬੀ ਮੂੰਹ ਵਿੱਚ ਉਂਗਲਾਂ ਪਾਕੇ ਪੁੱਛਣਗੇ ਜਰੂਰ ਕਿ ਡਬਲ ਇੰਜਣ ਵਾਲੀ ਪਾਰਟੀ ਦੀ ਗੱਡੀ ਬਗੈਰ ਇੰਜਣ ਦੇ ਕਿਉਂ? ਕਈ ਸਿਆਣੇ ਅਟਕਲਾਂ ਲਾਉਣ ਤੋਂ ਨਹੀਂ ਹਟਦੇ। ਕਹਿੰਦੇ ਨੇ ਕਿ ਕਈ ਵਾਰ ਕਿਸਾਨ ਨੂੰ ਵੀ ਜਦੋਂ ਇੰਜਣ ਦੀ ਲੋੜ ਨਹੀਂ ਹੁੰਦੀ ਤਾਂ ਸਾਫ ਜਿਹਾ ਦੋੜਾ ( ਤਿਰਪਾਲ) ਪਾਕੇ ਢੱਕ ਕੇ ਰੱਖ ਦਿੰਦੇ ਹਨ ਅਤੇ ਸੀਜਨ ਵੇਲੇ ਫਿਰ ਇੰਜਣ ਜੋੜ ਲਿਆ ਜਾਂਦਾ ਹੈ। ਕਈ ਹੋਰ ਆਖਦੇ ਹਨ ਕਿ ਭਾਜਪਾ ਤਕੜੀ ਪਾਰਟੀ ਹੈ, ਵੇਖਦੇ ਰਹਿਣਾ ਨਵਾਂ ਇੰਜਣ ਵੀ ਗੱਡੀ ਅੱਗੇ ਲਾ ਸਕਦੇ ਹਨ।
ਐਨੀ ਗੱਲ ਬਾਅਦ ਇਹ ਦੱਸਣਾ ਤਾਂ ਬਣਦਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਦਿਤਾ ਹੋਇਆ ਹੈ ਅਤੇ ਪਿਛਲੇ ਕਾਫੀ ਦਿਨਾਂ ਤੋਂ ਉਹ ਪਾਰਟੀ ਦੀਆਂ ਸਰਗਰਮੀਆਂ ਤੋਂ ਪਾਸੇ ਹਨ। ਮੀਡੀਆ ਅਤੇ ਰਾਜਸੀ ਹਲਕਿਆਂ ਵਿਚ ਜਾਖੜ ਦੀ ਰਾਜਸੀ ਸਰਗਰਮੀਆਂ ਤੋਂ ਦੂਰੀ ਲਗਾਤਾਰ ਚਰਚਾ ਵਿਚ ਹੈ ਪਰ ਜਾਖੜ ਪੰਜਾਬ ਮੀਡੀਆ ਦੇ ਚੰਗੇ ਮਿੱਤਰ ਹੋਣ ਦੇ ਬਾਵਜੂਦ ਮੀਡੀਆ ਵਿਚ ਚੁੱਪ ਹਨ। ਇਹ ਸਹੀ ਹੈ ਕਿ ਭਾਜਪਾ ਦੇ ਕਈ ਸੀਨੀਅਰ ਨੇਤਾ ਵੀ ਲਗਾਤਾਰ ਆਖ ਰਹੇ ਹਨ ਕਿ ਜਾਖੜ ਹੀ ਪਾਰਟੀ ਦੇ ਪ੍ਰਧਾਨ ਹਨ। ਹੁਣ ਚਾਰ ਜਿਮਨੀ ਚੋਣਾ ਵਿਚ ਭਾਜਪਾ ਤਕੜੇ ਹੋਕੇ ਚੋਣ ਲੜ ਰਹੀ ਹੈ ਅਤੇ ਕੌਮੀ ਪੱਧਰ ਦੇ ਆਗੂਆਂ ਦਾ ਵੀ ਮੁਹਿੰਮ ਵਿਚ ਆਉਣ ਦਾ ਪ੍ਰੋਗਰਾਮ ਤੈਅ ਹੈ । ਭਾਜਪਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਦੇਣ ਵਾਲੇ ਕਈ ਕਿਸਾਨਾਂ ਦੇ ਵੀ ਮਾਮਲਾ ਸਮਝ ਤੋਂ ਬਾਹਰ ਹੈ। ਉਹ ਜਿਮਨੀ ਚੋਣਾਂ ਵਿਚ ਵੀ ਆਪ ਅਤੇ ਭਾਜਪਾ ਦਾ ਵਿਰੋਧ ਕਰ ਰਹੇ ਹਨ । ੳਨਾਂ ਦਾ ਮੋਟਾ ਜਿਹਾ ਹਿਸਾਬ ਹੁੰਦਾ ਹੈ ਕਿ ਜੇਕਰ ਤੂੜੀ ਵਾਲੇ ਕੋਠੇ ਵਿਚ ਵੀ ਇੰਜਣ ਦੋੜਾ ਪਾਕੇ ਰੱਖਿਆ ਹੋਵੇ ਤਾਂ ਲੋੜ ਵੇਲੇ ਤਾਂ ਬਾਹਰ ਕੱਢ ਹੀ ਲੈਂਦੇ ਹਨ ਪਰ ਭਾਜਪਾ ਨੇ ਤਾਂ ਹੁਣ ਵੀ ਨਹੀਂ ਬਾਹਰ ਲਿਆਂਦਾ। ਕਿਸਾਨ ਇਸ ਕਰਕੇ ਵੀ ਸੋਚਦੇ ਹਨ ਕਿ ਹੁਣ ਜਿਮਨੀ ਚੋਣਾਂ ਤੋਂ ਵੱਡੀ ਕਿਹੜੀ ਗੱਲ ਹੈ ਪਰ ਭਾਜਪਾ ਫਿਰ ਵੀ ਟੱਸ ਤੋਂ ਮਸ ਨਹੀਂ ਹੋਈ! ਜਦੋਂ ਕੋਈ ਜਵਾਬ ਨਹੀਂ ਮਿਲਦਾ ਤਾਂ ਸਬਰ ਕਰਨ ਲਈ ਆਖ ਦਿੰਦੇ ਹਨ ਕਿ ਕੋਈ ਬਹੁਤੀ ਵੱਡੀ ਸਕੀਮ ਹੋਣੀ ਹੈ । ਕੋਈ ਹੋਰ ਆਖਦਾ ਹੈ ਕਿ ਇਹ ਕਿਹੜੀ ਵੱਡੀ ਗੱਲ ਹੈ। ਸੌ ਸਾਲ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਗੱਡੀ ਵੀ ਤਾਂ ਕਿੰਨੇ ਦਿਨਾਂ ਤੋਂ ਬਗੈਰ ਇੰਜਣ ਦੇ ਹੀ ਚੱਲ ਰਹੀ ਹੈ!
ਸੰਪਰਕ ਃ 9814002186